-ਚਾਰ ਮਹੀਨੇ ਪਹਿਲੇ ਆਇਆ ਸੀ ਕੈਨੇਡਾ
ਬਰੈਂਪਟਨ, 30 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਚਾਰ ਕੁ ਮਹੀਨੇ ਪਹਿਲਾਂ ਕੈਨੇਡਾ ਵਿਚ ਆਏ, ਇਕ ਪੰਜਾਬੀ ਨੌਜਵਾਨ ਦੀ ਓਨਟਾਰੀਓ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਫੈਕਟਰੀ ਵਿਚ ਕੰਮ ਕਰਦੇ ਸਮੇਂ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਾਹਿਲਪ੍ਰੀਤ ਸਿੰਘ ਥਿੰਦ ਵਜੋਂ ਹੋਈ ਹੈ, ਜੋ ਫੈਕਟਰੀ ਵਿਚ ਆਮ ਮਜ਼ਦੂਰ ਦੀ ਤਰ੍ਹਾਂ ਕੰਮ ਕਰ ਰਿਹਾ ਸੀ। ਜਦੋਂ ਫੈਕਟਰੀ ਦੀ ਮਸ਼ੀਨ ‘ਤੇ ਉਹ ਕੰਮ ਕਰ ਰਿਹਾ ਸੀ, ਕੰਮ ਕਰਦੇ ਸਮੇਂ ਮਸ਼ੀਨ ਦੀ ਕਨਵੇਅਰ ਬੈਲਟ ਲੱਗ ਗਈ ਅਤੇ ਉਸ ਦਾ ਹੱਥ ਵਿਚ ਹੀ ਫਸ ਗਿਆ ਅਤੇ ਮਸ਼ੀਨ ਨੇ ਉਸ ਦਾ ਪੂਰਾ ਸਰੀਰ ਖਿੱਚ ਲਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਇੱਕ ਭੈਣ ਦਾ ਭਰਾ ਸੀ। ਸਾਹਿਲਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਜਾਣ ਅਤੇ ਅੰਤਿਮ ਸੰਸਕਾਰ ਕਰਨ ਲਈ ਸਹਾਇਤਾ ਲਈ ਇਕ ਫੰਡਰੇਜ਼ਰ ਵੀ ਬਣਾਇਆ ਗਿਆ ਹੈ। ਇਹ ਹਾਦਸਾ ਬੀਤੇ ਸੋਮਵਾਰ ਨੂੰ 7:30 ਵਜੇ ਸਵੇਰੇ ਓਰੇਂਡਾ ਅਤੇ ਡਿਕਸੀ ਦੇ ਖੇਤਰ ਵਿਚ ਸਥਿਤ ਫੈਕਟਰੀ ਵਿਚ ਵਾਪਰਿਆ।