#OTHERS

ਬਰਿਕਸ ਵੱਲੋਂ ਅੱਤਵਾਦ ਖ਼ਿਲਾਫ਼ ਡਟਣ ਤੇ ਆਰਥਿਕ ਬਹਾਲੀ ਦਾ ਅਹਿਦ

ਜੌਹੈਨਸਬਰਗ, 25 ਅਗਸਤ (ਪੰਜਾਬ ਮੇਲ)- ਬਰਿਕਸ ਮੁਲਕਾਂ ਦੇ ਆਗੂਆਂ ਨੇ ਅੱਜ ਐਲਾਨਨਾਮਾ ਜਾਰੀ ਕਰਦਿਆਂ ਅੱਤਵਾਦ ਦਾ ਮੁਕਾਬਲਾ ਕਰਨ, ਕੋਵਿਡ-19 ਮਗਰੋਂ ਆਰਥਿਕ ਬਹਾਲੀ ਲਈ ਕੰਮ ਕਰਨ ਦਾ ਅਹਿਦ ਲਿਆ ਅਤੇ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਲਈ ਸਾਲਸੀ ਦੀਆਂ ਤਜਵੀਜ਼ਾਂ ਦੀ ਸ਼ਲਾਘਾ ਕੀਤੀ।
ਬਰਿਕਸ ਸੰਮੇਲਨ ਦੇ ਆਖਰੀ ਦਿਨ ਅੱਜ ਜਾਰੀ ਕੀਤੇ ਐਲਾਨਨਾਮੇ ‘ਚ ਮੈਂਬਰ ਮੁਲਕਾਂ ਨੇ ਅੱਤਵਾਦ ਦਾ ਮੁਕਾਬਲਾ ਕਰਨ ਦੇ ਦੋਹਰੇ ਮਾਪਦੰਡਾਂ ਨੂੰ ਖਾਰਜ ਕਰ ਦਿੱਤਾ ਅਤੇ ਅੱਤਵਾਦ ਦੀ ਸਰਹੱਦ ਪਾਰੋਂ ਹੁੰਦੀ ਘੁਸਪੈਠ ਤੇ ਅੱਤਵਾਦੀ ਫੰਡਿੰਗ ਨੈੱਟਵਰਕ ਸਮੇਤ ਇਸ ਖਤਰੇ ਦਾ ਮੁਕਾਬਲਾ ਕਰਨ ਦੀ ਦਿਸ਼ਾ ‘ਚ ਕੰਮ ਕਰਨ ਦੀ ਸਹੁੰ ਖਾਧੀ। ਆਗੂਆਂ ਨੇ ਕੌਮਾਂਤਰੀ ਭਾਈਚਾਰੇ ਨੂੰ ਕੋਵਿਡ-19 ਮਹਾਮਾਰੀ ਤੋਂ ਬਾਅਦ ਆਰਥਿਕ ਬਹਾਲੀ ਦੀ ਦਿਸ਼ਾ ‘ਚ ਕੰਮ ਕਰਨ ਵਾਲੇ ਮੁਲਕਾਂ ਦੀ ਹਮਾਇਤ ਕਰਨ ਤੇ ਕੁਝ ਮੁਲਕਾਂ ਦੇ ਉੱਚ ਕਰਜ਼ੇ ਦੇ ਪੱਧਰ ਨਾਲ ਨਜਿੱਠਣ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਬਰਿਕਸ ਸਮੂਹ ਗੱਲਬਾਤ ਤੇ ਕੂਟਨੀਤੀ ਰਾਹੀਂ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਦੇ ਮਕਸਦ ਨਾਲ ਸਾਲਸੀ ਨਾਲ ਸਬੰਧਤ ਤਜਵੀਜ਼ਾਂ ਦੀ ਸ਼ਲਾਘਾ ਕਰਦਾ ਹੈ।

Leave a comment