#PUNJAB

ਬਰਨਾਲਾ ਦੀਆਂ ਜਨਤਕ ਜਥੇਬੰਦੀਆਂ ਜੰਤਰ ਮੰਤਰ ਦਿੱਲੀ ਧਰਨੇ ‘ਤੇ ਬੈਠੇ ਪਹਿਲਵਾਨਾਂ ਦੇ ਹੱਕ ਵਿੱਚ ਨਿੱਤਰੀਆਂ

ਭਾਵਪੂਰਤ ਰੈਲੀ ਤੇ ਰੋਹ ਭਰਪੂਰ ਮੁਜ਼ਾਹਰਾ;ਕੁਸ਼ਤੀ ਸੰਘ ਦੀ ਮੁਖੀ ਦੀ ਅਰਥੀ ਫੂਕੀ; ਗ੍ਰਿਫਤਾਰੀ ਤੇ ਬਰਖ਼ਾਸਤਗੀ ਦੀ ਮੰਗ ਕੀਤੀ
ਧੀਆਂ ਦੀਆਂ ਇੱਜਤਾਂ ‘ਤੇ ਹੁੰਦੇ ਹਮਲਿਆਂ ਸਮੇਂ ‘ਮਨ ਕੀ ਬਾਤ’ ਮੌਨ ਕਿਉਂ ? ਜਮਹੂਰੀ ਅਧਿਕਾਰ ਸਭਾ ਆਗੂ ਗੁਰਮੇਲ ਠੁੱਲੀਵਾਲ 
ਬਰਨਾਲਾ, 6 ਮਈ (ਦਲਜੀਤ ਕੌਰ/ਪੰਜਾਬ ਮੇਲ)- ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸੱਦੇ ‘ਤੇ ਅੱਜ ਬਰਨਾਲਾ ਜਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਜੰਤਰ ਮੰਤਰ ਦਿੱਲੀ ਧਰਨੇ ‘ਤੇ ਬੈਠੇ ਪਹਿਲਵਾਨਾਂ ਦੇ ਸਮਰਥਨ ਵਿੱਚ ਇੱਕ ਭਾਵਪੂਰਤ ਰੈਲੀ ਅਤੇ ਰੋਹ-ਭਰਪੂਰ ਮੁਜ਼ਾਹਰਾ ਕੀਤਾ। ਰੇਲਵੇ ਸਟੇਸ਼ਨ ਬਰਨਾਲਾ ਸਾਹਮਣੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਕਿਹਾ ਕਿ ਲਗਾਤਾਰ ਦੋ ਹਫਤਿਆਂ ਤੋਂ ਦੇਸ਼ ਲਈ ਤਮਗੇ ਜਿੱਤਣ ਵਾਲੇ ਪਹਿਲਵਾਨ ਜੰਤਰ ਮੰਤਰ ਦਿੱਲੀ ਧਰਨੇ ‘ਤੇ ਬੈਠੇ ਹਨ। ਉਹ ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਤੇ ਬਰਖਾਸਤਗੀ ਦੀ ਮੰਗ ਕਰ ਰਹੇ ਪਰ ਕੇਂਦਰ ਸਰਕਾਰ ਦੀ ਕੰਨ ‘ਤੇ ਜੂੰਆਂ ਨਹੀਂ ਸਰਕੀ।
ਡੀਟੀਐੱਫ ਦੇ ਸੂਬਾ ਆਗੂ ਰਾਜੀਵ ਕੁਮਾਰ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਮਿਲਣ ‘ਤੇ ਤੁਰੰਤ ਐਫਆਈਆਰ ਦਰਜ ਹੋਣੀ ਚਾਹੀਦੀ ਸੀ ਪਰ ਇਸ ਕੇਸ ਵਿੱਚ ਦਿੱਲੀ ਪੁਲਿਸ ਨੇ ਇੱਕ ਨਾਬਾਲਗ ਲੜਕੀ ਵੱਲੋਂ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਏ ਜਾਣ ਦੇ ਬਾਵਜੂਦ ਐੱਫਆਈਆਰ ਦਰਜ਼ ਨਹੀਂ ਕੀਤੀ। ਅਖੀਰ ਸੁਪਰੀਮ ਕੋਰਟ ਦੇ ਸਿੱਧੇ ਦਖਲ ਤੋਂ ਬਾਅਦ ਹੀ ਐੱਫਆਈਆਰ ਦਰਜ ਕੀਤੀ ਗਈ।
ਇਨਕਲਾਬੀ ਕੇਂਦਰ ਦੇ ਆਗੂ ਨਰੈਣ ਦੱਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਦੀ ਭਗਵਾਂ ਸਰਕਾਰ ਹਮੇਸ਼ਾ ਆਪਣੇ ਬਲਾਤਕਾਰੀ ਨੇਤਾਵਾਂ ਦੀ ਪਿੱਠ ‘ਤੇ ਆਣ ਖੜਦੀ ਹੈ।ਬਿਲਕਿਸ ਬਾਨੋ ਦੀ ਬਲਾਤਕਾਰੀਆਂ ਨੂੰ ਨਾ ਸਿਰਫ ਸਮੇਂ ਤੋਂ ਪਹਿਲਾਂ ਰਿਹਾ ਕੀਤਾ ਗਿਆ ਬਲਕਿ ਜੇਲ੍ਹੋਂ ਬਾਹਰ ਆਉਣ ‘ਤੇ ਢੋਲ ਢਕੱਮਿਆਂ ਨਾਲ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਰੈਲੀ ਨੂੰ ਕਰਮਜੀਤ ਬੀਹਲਾ, ਚਰਨਜੀਤ ਕੌਰ, ਆਗੂਆਂ ਨੇ ਕਿਹਾ ਕਿ ਖੇਡ ਫੈਡਰੇਸ਼ਨਾਂ ਭ੍ਰਿਸ਼ਟਾਚਾਰ ਤੇ ਜਿਨਸੀ ਸ਼ੋਸ਼ਣ ਦਾ ਅੱਡਾ ਬਣ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰੀ ਦੇ ਲੜਕੇ ਨੇ ਕਦੇ ਕ੍ਰਿਕਟ ਦਾ ਬੈਟ ਨਹੀਂ ਫੜ ਕੇ ਦੇਖਿਆ ਪਰ ਉਸ ਨੂੰ ਅਰਬਾਂ ਰੁਪਏ ਦੇ ਬਜਟ ਵਾਲੇ ਕ੍ਰਿਕਟ ਬੋਰਡਾ ਦਾ ਮੁਖੀ ਬਣਾ ਰੱਖਿਆ ਹੈ।
ਰੈਲੀ ਤੋਂ ਬਾਅਦ ਸ਼ਹਿਰ ਵਿਚੋਂ ਦੀ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਆਕਾਸ਼ ਗੁੰਜਾਊ ਨਾਹਰਿਆਂ ਨਾਲ ਕੁਸ਼ਤੀ ਸੰਘ ਦੇ ਮੁਖੀ ਦੀ ਗ੍ਰਿਫਤਾਰੀ ਅਤੇ ਬਰਖਾਸਤਗੀ ਦੀ ਮੰਗ ਕੀਤੀ ਗਈ। ਸ਼ਹੀਦ ਭਗਤ ਸਿੰਘ ਦੇ ਬੁੱਤ ਸਾਹਮਣੇ ਕੁਸ਼ਤੀ ਸੰਘ ਦੇ ਮੁਖੀ ਦੀ ਅਰਥੀ ਫੂਕੀ ਗਈ। ਬੁਲਾਰਿਆਂ ਨੇ ਧੀਆਂ ਦੀਆਂ ਇੱਜਤਾਂ ਦੀ ਰਾਖੀ ਦੀ ਇਸ ਲੜਾਈ ਨੂੰ ਹੋਰ ਵਿਸ਼ਾਲ ਤੇ ਵਿਆਪਕ ਬਣਾਉਣ ਦਾ ਅਹਿਦ ਲਿਆ।

Leave a comment