#EUROPE

ਬਰਤਾਨਵੀ ਮੁਸਲਮਾਨਾਂ ਦੇ ਕੱਟੜਪੰਥੀ ਹੋਣ ਤੇ ਖ਼ਤਰਨਾਕ ਹੋ ਰਹੇ ਖਾਲਿਸਤਾਨ ਪੱਖੀ ਅੱਤਵਾਦ ‘ਤੇ ਚਿੰਤਾ ਜ਼ਾਹਿਰ

ਲੰਡਨ, 10 ਫਰਵਰੀ (ਪੰਜਾਬ ਮੇਲ)- ਬਰਤਾਨੀਆ ਸਰਕਾਰ ਦੀ ਅੱਤਵਾਦ ਵਿਰੋਧੀ ਯੋਜਨਾ ਦੀ ਸਮੀਖਿਆ ਵਿਚ ਕਸ਼ਮੀਰ ਬਾਰੇ ਬਰਤਾਨਵੀ ਮੁਸਲਮਾਨਾਂ ਦੇ ਕੱਟੜਪੰਥੀ ਹੋਣ ਅਤੇ ਖ਼ਤਰਨਾਕ ਹੋ ਰਹੇ ਖਾਲਿਸਤਾਨ ਪੱਖੀ ਅੱਤਵਾਦ ਨੂੰ ਵਧਦੀ ਚਿੰਤਾ ਕਰਾਰ ਦਿੱਤਾ ਗਿਆ ਹੈ। ਇਸ ਵਿਚ ਦੇਸ਼ ਲਈ ਖ਼ਤਰੇ ਵਜੋਂ ਇਸਲਾਮੀ ਕੱਟੜਵਾਦ ਨਜਿੱਠਣ ਲਈ ਨੀਤੀਆਂ ‘ਚ ਸੁਧਾਰ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰ ਦੀ ਅੱਤਵਾਦ ਵਿਰੋਧੀ ਰਣਨੀਤੀ ਦੀ ਇਸ ਹਫਤੇ ਪ੍ਰਕਾਸ਼ਿਤ ਸਮੀਖਿਆ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਕਸ਼ਮੀਰ ਬਾਰੇ ਪਾਕਿਸਤਾਨ ਦੀ ਬਿਆਨਬਾਜ਼ੀ ਬਰਤਾਨਵੀ ਮੁਸਲਿਮ ਭਾਈਚਾਰੇ ‘ਚ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ‘ਚ ਘੀ ਦਾ ਕੰਮ ਕਰ ਰਹੀ ਹੈ। ਸਮੀਖਿਆ ਵਿਚ ਬਰਤਾਨੀਆਂ ਅੰਦਰ ਸਰਗਰਮ ਖਾਲਿਸਤਾਨ ਪੱਖੀ ਸਮੂਹਾਂ ਦੀ ਥੋੜੀ ਜਿਹੀ ਗਿਣਤੀ ਵੱਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਵਿਰੁੱਧ ਵੀ ਚਿਤਾਵਨੀ ਦਿੱਤੀ ਗਈ ਹੈ। ਖਾਲਿਸਤਾਨ ਪੱਖੀ ਕੱਟੜਵਾਦ ਦੇ ਮੁੱਦੇ ‘ਤੇ ਰਿਪੋਰਟ ਵਿਚ ਕਿਹਾ ਗਿਆ ਹੈ, ‘ਬਰਤਾਨੀਆ ਦੇ ਸਿੱਖ ਭਾਈਚਾਰੇ ਵਿਚ ਉੱਭਰ ਰਹੇ ਖਾਲਿਸਤਾਨ ਪੱਖੀ ਕੱਟੜਵਾਦ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਯੂ.ਕੇ. ਵਿਚ ਸਰਗਰਮ ਖਾਲਿਸਤਾਨ ਪੱਖੀ ਸਮੂਹਾਂ ਦੀ ਛੋਟੀ ਜਿਹੀ ਗਿਣਤੀ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਸਿੱਖਾਂ ਨੂੰ ਤੰਗ ਕਰਨ ਲਈ ਭਾਰਤ ਵਿਚ ਆਪਣੇ ਹਮਰੁਤਬਾ ਨਾਲ ਮਿਲੀਭੁਗਤ ਕਰ ਰਹੀ ਹੈ। ਅਜਿਹੇ ਸਮੂਹਾਂ ਦੇ ਪ੍ਰਚਾਰ ‘ਚ ਭਾਰਤ ਵਿਚ ਖਾਲਿਸਤਾਨ ਪੱਖੀ ਅੰਦੋਲਨ ਦੌਰਾਨ ਹੋਈ ਹਿੰਸਾ ਦੀ ਵਡਿਆਈ ਕੀਤੀ ਜਾਂਦੀ ਹੈ।’

Leave a comment