#PUNJAB

ਬਟਾਲਾ ਨੇੜਲੇ ਪਿੰਡਾਂ ਵਿੱਚ 6-6 ਫੁੱਟ ਪਾਣੀ ਭਰਿਆ

ਗੁਰਦਾਸਪੁਰ, 18 ਅਗਸਤ (ਪੰਜਾਬ ਮੇਲ)- ਬਿਆਸ ਕੰਢੇ ਵੱਸੇ ਪਿੰਡਾਂ ਵਿੱਚ ਹੜ੍ਹਾਂ ਦੀ ਤਬਾਹੀ ਜਾਰੀ ਹੈ। ਲੋਕਾਂ ਲਈ ਕੁੱਝ ਰਾਹਤ ਦੀ ਖ਼ਬਰ ਹੈ ਕਿ ਪੌਂਗ ਡੈਮ ਪ੍ਰਬੰਧਨ ਨੇ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਘਟਾ ਕੇ 80 ਹਜ਼ਾਰ ਕਿਊਸਿਕ ਕਰ ਦਿੱਤੀ ਹੈ, ਜਿਸ ਤੋਂ ਬਾਅਦ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਦੋ ਦਰਜਨ ਦੇ ਕਰੀਬ ਪਿੰਡ ਅਜੇ ਵੀ ਪਾਣੀ ਦੀ ਮਾਰ ਹੇਠ ਹਨ। ਹੜ੍ਹ ਪ੍ਰਭਾਵਿਤ ਪਿੰਡਾਂ ਜਗਤਪੁਰ ਕਲਾਂ, ਟਾਂਡਾ, ਭੈਣੀ ਪਸਵਾਲ, ਚੇਚੀਆਂ ਛੌੜੀਆਂ, ਪੱਖੋਵਾਲ, ਦਾਊਵਾਲ, ਦਲੇਰਪੁਰ, ਖੇੜਾ, ਪਦਾਣਾ, ਛੀਨਾ ਬੇਟ, ਨਡਾਲਾ, ਕੋਹਲੀਆਂ, ਚੱਕ ਸ਼ਰੀਫ਼, ਬਲਵੰਡਾ, ਝੰਡਾ ਲੁਬਾਣਾ, ਭੈਣੀ ਮੀਆਂ ਖ਼ਾਨ ਆਦਿ ਪਿੰਡਾਂ ਵਿੱਚ ਪਾਣੀ ਦਾ ਪੱਧਰ ਪਹਿਲਾਂ ਵਾਂਗ ਬਰਕਰਾਰ ਹੈ। ਪ੍ਰਸ਼ਾਸਨ ਵੱਲੋਂ ਭਾਵੇਂ ਬਹੁਤ ਸਾਰੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ ਪਰ ਬਹੁਤ ਸਾਰੇ ਲੋਕ ਘਰ ਛੱਡ ਕੇ ਜਾਣ ਨੂੰ ਤਿਆਰ ਨਹੀਂ ਹਨ। ਨੌਜਵਾਨ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਹੁਣ ਤੱਕ 6 ਸੌ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਪੌਂਗ ਡੈਮ ਤੋਂ ਪਾਣੀ ਦੀ ਮਾਤਰਾ ਘਟਾਉਣ ਨਾਲ ਹੜ੍ਹ ਪ੍ਰਭਾਵਿਤ ਬੇਟ ਖੇਤਰ ’ਚ ਪਾਣੀ ਦੀ ਕਮੀ ਆਵੇਗੀ ਅਤੇ ਧੁੱਸੀ ਡੈਮ ਵਿੱਚ ਪਈਆਂ ਦਰਾਰਾਂ ਨੂੰ ਭਰਨ ਦਾ ਕੰਮ ਵੀ ਸੌਖਾ ਹੋ ਜਾਵੇਗਾ। ਪਿੰਡ ਜਗਤਪੁਰ ਟਾਂਡਾ ਨੇੜੇ ਧੁੱਸੀ ਬੰਨ੍ਹ ਵਿੱਚ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਘਰਾਂ, ਖੇਤਾਂ, ਕਾਰੋਬਾਰੀ ਥਾਵਾਂ ਅਤੇ ਸੜਕਾਂ ’ਤੇ ਅਜੇ ਵੀ 3 ਫੁੱਟ ਤੱਕ ਪਾਣੀ ਭਰਿਆ ਹੈ। ਲੋਕਾਂ ਵਿੱਚ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਰੋਸ ਵੇਖਣ ਨੂੰ ਮਿਲ ਰਿਹਾ ਹੈ। ਗੁਰਦਾਸਪੁਰ ਤੋਂ ਮੁਕੇਰੀਆਂ ਦਾ ਸਿੱਧਾ ਸੰਪਰਕ ਵੀ ਦੋ ਦਿਨ ਤੋਂ ਟੁੱਟਿਆ ਹੋਇਆ ਹੈ।  ਪੌਂਗ ਡੈਮ ਤੋਂ ਇੱਕ ਲੱਖ ਤੋਂ ਵੱਧ ਕਿਊਸਿਕ ਪਾਣੀ ਛੱਡਣ ਕਾਰਨ ਬਿਆਸ ਦਰਿਆ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਪਿੰਡ ਤਲਵਾੜਾ, ਸਮਸ਼ਾ, ਮਾੜੀ ਬੁੱਚਿਆਂ, ਮੰਡ, ਭੋਲ, ਬਾਘੇ, ਬੱਲੜਵਾਲ, ਨਵਾਂ ਬੱਲੜਵਾਲ, ਸਮਰਾਏ, ਦਕੋਹਾ, ਖਾਨਪੁਰ, ਜੋਧਾ ਸਮੇਤ ਹੋਰਨਾਂ ਪਿੰਡਾਂ ਦੇ ਸੈਂਕੜੇ ਏਕੜ ਫ਼ਸਲਾਂ ’ਚ 6 ਤੋਂ 7 ਫੁੱਟ ਪਾਣੀ ਭਰ ਗਿਆ ਹੈ ਅਤੇ ਦਰਜਨਾਂ ਪਿੰਡਾਂ ਦੇ ਲੋਕ ਸਹਿਮ ਹੇਠ ਹਨ। ਬਟਾਲਾ ਪ੍ਰਸ਼ਾਸਨ ਵੱਲੋਂ ਖੇਤਾਂ ਵਿੱਚ ਬਣੇ ਘਰਾਂ ’ਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਆਂਦਾ ਜਾ ਰਿਹਾ ਹੈ। ਕਿਸਾਨ| ਦੀ ਪੁੱਤਾਂ ਵਾਂਗ ਪਾਲੀ ਫ਼ਸਲ ਹੜ੍ਹ ਦੀ ਭੇਟ ਚੜ੍ਹ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਇਸ ਵਾਰ ਪਹਿਲਾਂ ਨਾਲੋਂ ਵੀ ਭਿਆਨਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਿਰਦਾਵਰੀ ਕਰਵਾ ਉਨ੍ਹਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ। ਇਸ ਵਾਰ ਤਾਂ ਫ਼ਸਲਾਂ ਪੂਰੀਆਂ ਹੀ ਡੁੱਬ ਗਈਆਂ ਹਨ। ਉੱਧਰ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨੇ ਬਿਆਸ ਦਰਿਆ ਨੇੜਲੇ ਗੁੱਜਰਾਂ ਦੇ ਡੇਰਿਆਂ ਨੂੰ ਖਾਲੀ ਕਰਵਾ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਘਰਾਂ ਦਾ ਭਾਰੀ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Leave a comment