#PUNJAB

ਬਟਾਲਾ ਦੇ ਬਾਜ਼ਾਰ ‘ਚ ਗੋਲੀਬਾਰੀ ਦੌਰਾਨ ਸ਼ਿਵ ਸੈਨਾ ਆਗੂ ਸਣੇ ਤਿੰਨ ਜ਼ਖ਼ਮੀ

ਬਟਾਲਾ, 24 ਜੂਨ (ਪੰਜਾਬ ਮੇਲ)- ਇਥੋਂ ਦੇ ਸਿਟੀ ਰੋਡ ਬਾਜ਼ਾਰ ‘ਚ ਦੋ ਨੌਜਵਾਨਾਂ ਨੇ ਸ਼ਰੇਆਮ ਦੁਕਾਨਦਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਦੁਕਾਨਦਾਰ ਰਾਜੀਵ ਮਹਾਜਨ, ਉਸ ਦਾ ਭਰਾ ਅਨਿਲ ਮਹਾਜਨ ਅਤੇ ਉਸ ਦਾ ਲੜਕਾ ਮਾਨਵ ਮਹਾਜਨ ਜ਼ਖ਼ਮੀ ਹੋ ਗਏ ਹਨ, ਜਿਨਾਂ ਨੂੰ ਤੁਰੰਤ ਬਟਾਲਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਦੁਕਾਨ ਮਾਲਕ ਰਾਜੀਵ ਮਹਾਜਨ ਸ਼ਿਵ ਸੈਨਾ ਸਮਾਜਵਾਦੀ ਦਾ ਸੰਗਠਨ ਮੰਤਰੀ ਹੈ। ਹਸਪਤਾਲ ‘ਚ ਜੇਰੇ ਇਲਾਜ ਅਨਿਲ ਮਹਾਜਨ ਨੇ ਦੱਸਿਆ ਕਿ ਨੌਜਵਾਨ ਦੁਕਾਨ ਅੰਦਰ ਆਇਆ ਅਤੇ ਕਿਹਾ ਕਿ ਉਸ ਨੇ ਐੱਲ.ਈ.ਡੀ. ਲੈਣੀ ਹੈ ਤੇ ਉਹ ਨੌਜਵਾਨ ਦੁਕਾਨ ਤੋਂ ਬਾਹਰ ਚਲਾ ਗਿਆ। ਕੁੱਝ ਸਮੇਂ ਬਾਅਦ ਹੀ ਉਸ ਦੇ ਨਾਲ ਇੱਕ ਹੋਰ ਨੌਜਵਾਨ ਅੰਦਰ ਆ ਗਿਆ ਅਤੇ ਦੋਵਾਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਉਹ, ਉਸ ਦਾ ਭਰਾ ਅਤੇ ਉਸ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਸਿਟੀ ਲਲਿਤ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਡੀ.ਆਈ.ਜੀ. ਬਾਰਡਰ ਰੇਂਜ ਨਰਿੰਦਰ ਭਾਰਗਵ, ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਵੀ ਮੌਕੇ ‘ਤੇ ਪਹੁੰਚੇ ਹਨ। ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

Leave a comment