ਨਿਊਯਾਰਕ, 15 ਮਾਰਚ (ਪੰਜਾਬ ਮੇਲ)- ਫੇਸਬੁੱਕ ਦੀ ਮਾਲਕ ਕੰਪਨੀ ‘ਮੈਟਾ’ ਨੇ 10 ਹਜ਼ਾਰ ਹੋਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਪੈਸੇ ਬਚਾਉਣ ਲਈ ਕੰਪਨੀ ਪਹਿਲਾਂ ਕੱਢੀਆਂ ਗਈਆਂ ਪੰਜ ਹਜ਼ਾਰ ਅਸਾਮੀਆਂ ਵੀ ਨਹੀਂ ਭਰੇਗੀ। ਕੰਪਨੀ ਨੇ ਕਿਹਾ ਕਿ ਉਹ ਨੌਕਰੀਆਂ ਦੇਣ ਵਾਲੀ ਆਪਣੀ ‘ਰਿਕਰੂਟਿੰਗ ਟੀਮ’ ਨੂੰ ਵੀ ਛੋਟਾ ਕਰੇਗੀ। ਅਪ੍ਰੈਲ ਵਿਚ ਕੰਪਨੀ ਆਪਣੇ ਤਕਨੀਕੀ ਗਰੁੱਪਾਂ ਨੂੰ ਵੀ ਛੋਟਾ ਕਰੇਗੀ। ਇਸ ਤੋਂ ਇਲਾਵਾ ਮਈ ਵਿਚ ਕਾਰੋਬਾਰੀ ਗਰੁੱਪਾਂ ‘ਚ ਵੀ ਛਾਂਟੀ ਹੋਵੇਗੀ। ਫੇਸਬੁੱਕ (ਮੈਟਾ) ਦੇ ਸੀ.ਈ.ਓ. ਮਾਰਕ ਜ਼ਕਰਬਰਗ ਨੇ ਕਿਹਾ ਕਿ ਛਾਂਟੀ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦੀ ਸਫ਼ਲਤਾ ਵਿਚ ਯੋਗਦਾਨ ਦੇਣ ਵਾਲੇ ਹਜ਼ਾਰਾਂ ਮਾਹਿਰਾਂ ਨੂੰ ਅਲਵਿਦਾ ਕਹਿਣਾ ਪਵੇਗਾ। ਕੰਪਨੀ ਇਸੇ ਦੌਰਾਨ ‘ਮੈਟਾਵਰਸ’ ਵਿਚ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਫਰਵਰੀ ਵਿਚ ਕੰਪਨੀ ਦਾ ਲਾਭ ਤੇ ਮਾਲੀਆ ਲਗਾਤਾਰ ਚੌਥੀ ਤਿਮਾਹੀ ਵਿਚ ਘਟਿਆ ਹੈ। ਵੇਰਵਿਆਂ ਮੁਤਾਬਕ ਕੰਪਨੀ ਦਾ ਆਨਲਾਈਨ ਇਸ਼ਤਿਹਾਰ ਘਟਿਆ ਹੈ ਤੇ ਇਸ ਨੂੰ ਟਿਕਟੌਕ ਵਰਗੇ ਪਲੈਟਫਾਰਮ ਤੋਂ ਵੀ ਟੱਕਰ ਮਿਲ ਰਹੀ ਹੈ।