#AMERICA

ਫੀਨਿਕਸ ਦੇ ਇਕ ਹਾਈ ਸਕੂਲ ਵਿਚ ਹਥਿਆਰ ਲਿਆਉਣ ਦੇ ਦੋਸ਼ਾਂ ਤਹਿਤ ਵਿਦਿਆਰਥੀ ਗ੍ਰਿਫਤਾਰ

ਸੈਕਰਾਮੈਂਟੋ, 22 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਐਰੀਜ਼ੋਨਾ ਰਾਜ ਦੇ ਸ਼ਹਿਰ ਫੀਨਿਕਸ ਦੇ ਇਕ ਹਾਈ ਸਕੂਲ ਵਿਚ ਇਕ ਵਿਦਿਆਰਥੀ ਨੂੰ ਏ ਆਰ-15 ਹਥਿਆਰ ਤੇ ਗੋਲੀ ਸਿੱਕਾ ਲਿਆਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਫੀਨਿਕਸ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਵਿਦਿਆਰਥੀ ਵੱਲੋਂ ਸਕੂਲ ਕੈਂਪਸ ਵਿਚ ਗੰਨ ਲਿਆਉਣ ਦੀ ਸਕੂਲ ਵੱਲੋਂ ਸੂਚਨਾ ਦੇਣ ‘ਤੇ ਪੁਲਿਸ ਅਫਸਰ ਮੌਕੇ ‘ਤੇ ਪੁੱਜੇ। ਫੀਨਿਕਸ ਯੁਨੀਅਨ ਹਾਈ ਸਕੂਲ ਡਿਸਟ੍ਰਿਕਟ ਨੇ ਜਾਰੀ ਇਕ ਈ ਮੇਲ ਬਿਆਨ ਵਿਚ ਕਿਹਾ ਹੈ ਕਿ ਬੋਸਟਰੋਮ ਹਾਈ ਸਕੂਲ ਦੇ ਪ੍ਰਸ਼ਾਸਨ ਨੂੰ ਇਕ ਵਿਦਿਆਰਥੀ ਕੋਲ ਸੰਭਾਵੀ ਹਥਿਆਰ ਹੋਣ ਦਾ ਪਤਾ ਲੱਗਣ ‘ਤੇ ਪੁਲਿਸ ਬੁਲਾਈ ਗਈ। ਪੁਲਿਸ ਅਫਸਰਾਂ ਨੇ ਨਬਾਲਗ ਵਿਦਿਆਰਥੀ ਕੋਲੋਂ ਹਥਿਆਰ ਬਰਾਮਦ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਅਨੁਸਾਰ ਉਸ ਨੇ ਤੁਰੰਤ ਕਾਰਵਾਈ ਕਰਕੇ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ ਜਿਸ ਦੇ ਖਾਣੇ ਵਾਲੇ ਡੱਬੇ ਵਿਚੋਂ ਹੋਰ ਕਾਰਤੂਸ ਵੀ ਬਰਾਮਦ ਹੋਏ ਹਨ। ਫੀਨਿਕਸ ਪੁਲਿਸ ਵਿਭਾਗ ਦਾ ਕਰਾਈਮ ਗੰਨ ਇੰਟੈਲੀਜੈਂਸ ਯੁਨਿਟ ਜਾਂਚ ਵਿਚ ਸਹਿਯੋਗ ਕਰ ਰਿਹਾ ਹੈ ਤੇ ਪੁਲਿਸ ਵਿਭਾਗ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਸਕੂਲ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।

Leave a comment