ਸੈਕਰਾਮੈਂਟੋ, 30 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪੈਨਸਿਲਵਾਨੀਆ ਰਾਜ ਦੇ ਅਹਿਮ ਸ਼ਹਿਰ ਫਿਲਾਡੈਲਫੀਆ ਤੇ ਆਸ ਪਾਸ ਦੇ ਖੇਤਰ ਵਿਚ ਲੁੱਟਮਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਵੱਡੀ ਪੱਧਰ ‘ਤੇ ਸ਼ਰਾਬ ਦੇ ਸਟੋਰਾਂ ਨੂੰ ਲੁੱਟਣ ਤੋਂ ਬਾਅਦ ਦੂਸਰੀ ਰਾਤ ਵੀ ਲੁੱਟਮਾਰ ਦਾ ਸਿਲਸਿਲਾ ਜਾਰੀ ਰਿਹਾ।
ਲੁੱਟਮਾਰ ਦੀਆਂ ਘਟਨਾਵਾਂ ਸਬੰਧੀ ਗ੍ਰਿਫਤਾਰ ਕੀਤੇ 52 ਸ਼ੱਕੀ ਵਿਅਕਤੀਆਂ ਵਿਚ ਸੋਸ਼ਲ ਮੀਡੀਆ ਉਪਰ ਸਰਗਰਮ ਰਹਿਣ ਵਾਲੀ ਇਕ ਔਰਤ ਵੀ ਸ਼ਾਮਿਲ ਹੈ ਜਿਸ ਦੀ ਪਛਾਣ ਡੇਅਜਿਆ ਬਲੈਕਵੈਲ (21) ਵਜੋਂ ਹੋਈ ਹੈ। ਫਿਲਾਡੈਲਫੀਆ ਦੇ ਅੰਤ੍ਰਿਮ ਪੁਲਿਸ ਕਮਿਸ਼ਨਰ ਜੌਹਨ ਸਟਾਨਫੋਰਡ ਨੇ ਕਿਹਾ ਹੈ ਕਿ ਬਲੈਕਵੈਲ ਚੋਰੀ ਜਾਂ ਲੁੱਟਮਾਰ ਸਮੇ ਸੋਸ਼ਲ ਮੀਡੀਆ ਉਪਰ ਸਿੱਧਾ ਪ੍ਰਸਾਰਣ ਵੀ ਕਰਦੀ ਹੈ ਤੇ ਉਹ ਹੋਰਨਾਂ ਨੂੰ ਵੀ ਲੁੱਟਮਾਰ ਕਰਨ ਲਈ ਉਤਸ਼ਾਹਿਤ ਕਰਦੀ ਹੈ। ਬਲੈਕਵੈਲ ਵਿਰੁੱਧ ਅਪਰਾਧਕ ਸਾਜਿਸ਼, ਲੁੱਟਮਾਰ ਸਮੇਤ ਅਨੇਕਾਂ ਦੋਸ਼ ਆਇਦ ਕੀਤੇ ਗਏ ਹਨ। ਉਸ ਨੂੰ ਜਮਾਨਤ ਉਪਰ ਰਿਹਾਅ ਕਰ ਦਿੱਤਾ ਗਿਆ ਹੈ। ਅਦਾਲਤ ਵਿਚ ਉਸ ਦੀ ਅਗਲੀ ਪੇਸ਼ੀ 17 ਅਕਤਬੂਰ ਨੂੰ ਹੋਵਗੀ। ਦੂਸਰੇ ਦਿਨ 16 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਿਆਦਾਤਰ ਸ਼ਰਾਬ ਦੇ ਸੋਟਰ ਖੁਲੇ- ਸ਼ਰਾਬ ਦੇ ਸਟੋਰਾਂ ‘ਤੇ ਵੱਡੀ ਪੱਧਰ ਉਪਰ ਲੁੱਟਮਾਰ ਦੀਆਂ ਘਟਨਾਵਾਂ ਉਪਰੰਤ ਇਕ ਦਿਨ ਬੰਦ ਰਖੇ ਗਏ ਸ਼ਰਾਬ ਦੇ ਸੋਟਰਾਂ ਵਿਚੋਂ ਜਿਆਦਾਤਰ ਖੁਲ ਗਏ ਹਨ। ਪੈਨਸਿਲਵਾਨੀਆ ਲਿਕੁੱਰ ਕੰਟਰੋਲ ਬੋਰਡ ਨੇ ਆਸ ਪ੍ਰਗਟਾਈ ਹੈ ਕਿ ਜਿਆਦਾਤਰ ਸ਼ਰਾਬ ਦੇ ਸਟੋਰ ਖੁਲ ਜਾਣਗੇ ਤੇ ਖੁਲਣ ਦਾ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਬੋਰਡ ਨੇ ਕਿਹਾ ਹੈ ਕਿ ਕੁਝ ਸ਼ਰਾਬ ਦੇ ਸਟੋਰਾਂ ਨੂੰ ਮੁਰੰਮਤ ਕਰਨ ਲਈ ਕੁਝ ਦਿਨ ਜਾਂ ਹਫਤਾ ਲੱਗ ਸਕਦਾ ਹੈ ਜਿਸ ਉਪਰੰਤ ਹੀ ਉਨਾਂ ਨੂੰ ਖੋਲਿਆ ਜਾਵੇਗਾ। ਬੋਰਡ ਅਨੁਸਾਰ ਘੱਟੋ ਘੱਟ 9 ਸ਼ਰਾਬ ਦੇ ਸਟੋਰ ਅਗਲੇ ਨੋਟਿਸ ਤੱਕ ਬੰਦ ਰਹਿਣਗੇ।