#AMERICA

ਫਿਲਾਡੇਲਫੀਆ ‘ਚ 21 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਦੀ ਹੱਤਿਆ

ਫਿਲਾਡੇਲਫੀਆ, 30 ਮਈ (ਰਾਜ ਗੋਗਨਾ/ਪੰਜਾਬ ਮੇਲ)-ਬੀਤੇ ਦਿਨੀਂ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਸਹਿਰ ਫਿਲਾਡੇਲਫੀਆ ਵਿਚ 21 ਸਾਲਾ ਭਾਰਤੀ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਜੂਡ ਚਾਕੋ ਵਜੋਂ ਹੋਈ ਹੈ, ਜੋ ਭਾਰਤ ਦੇ ਕੇਰਲਾ ਰਾਜ ਦੇ ਕੋਲਮ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਿਸ ਨੂੰ ਬੀਤੇ ਦਿਨੀਂ ਐਤਵਾਰ ਨੂੰ ਕੰਮ ਤੋਂ ਵਾਪਸ ਆਉਂਦੇ ਸਮੇਂ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਮਾਤਾ-ਪਿਤਾ 30 ਸਾਲ ਪਹਿਲਾਂ ਭਾਰਤ ਤੋ ਅਮਰੀਕਾ ਆਏ ਸਨ। ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਕੋ, ਇੱਕ ਵਿਦਿਆਰਥੀ ਸੀ, ਜੋ ਪਾਰਟ-ਟਾਈਮ ਵੀ ਕੰਮ ਕਰਦਾ ਸੀ, ਤੇ ਲੁੱਟ ਦੀ ਕੋਸ਼ਿਸ਼ ਦੌਰਾਨ ਦੋ ਵਿਅਕਤੀਆਂ ਨੇ ਹਮਲਾ ਕੀਤਾ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਫਿਲਾਡੇਲਫੀਆ ਦੇ ਮਲੰਕਾਰਾ ਕੈਥੋਲਿਕ ਚਰਚ ‘ਚ ਕੀਤਾ ਜਾਣਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਸਾਹਮਣੇ ਆਈ ਇਹ ਦੂਜੀ ਘਟਨਾ ਹੈ, ਜਿਸ ਵਿਚ ਅਮਰੀਕਾ ਵਿਚ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਗਿਆ। ਇਸ ਸਾਲ ਅਪ੍ਰੈਲ ਵਿਚ ਆਂਧਰਾ ਪ੍ਰਦੇਸ਼ ਦੇ ਇੱਕ 24 ਸਾਲਾ ਵਿਦਿਆਰਥੀ ਸਈਸ਼ ਵੀਰਾ ਨੂੰ ਅਮਰੀਕਾ ਦੇ ਓਹਾਇਓ ਸੂਬੇ ਵਿਚ ਇੱਕ ਗੈਸ ਸਟੇਸ਼ਨ ‘ਤੇ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਨੀਯਤ ਨਾਲ ਗੋਲੀ ਮਾਰ ਦਿੱਤੀ ਸੀ।

Leave a comment