#AMERICA

ਫਿਲਾਡੇਲਫੀਆ ਏਅਰਪੋਰਟ ‘ਤੇ ਗੋਲੀਬਾਰੀ ‘ਚ ਇਕ ਪੁਲਿਸ ਅਧਿਕਾਰੀ ਦੀ ਮੌਤ

ਫਿਲਾਡੇਲਫੀਆ, 14 ਅਕਤੂਬਰ (ਪੰਜਾਬ ਮੇਲ)- ਫਿਲਾਡੇਲਫੀਆ ਇੰਟਰਨੈਸ਼ਨਲ ਏਅਰਪੋਰਟ ‘ਤੇ ਖੜੀ ਕਾਰ ਦਾ ਤਾਲਾ ਤੋੜਨ ਤੋਂ ਰੋਕਣ ਦੀ ਕੋਸ਼ਿਸ਼ ਕਰਨ ‘ਤੇ ਵੀਰਵਾਰ ਰਾਤ ਕੁਝ ਲੋਕਾਂ ਨੇ ਫਿਲਾਡੇਲਫੀਆ ਪੁਲਿਸ ਦੇ ਇੱਕ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ, ਜਦਕਿ ਇੱਕ ਹੋਰ ਪੁਲਿਸ ਮੁਲਾਜ਼ਮ ਇਸ ਹਮਲੇ ਵਿਚ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਅੰਤਰਿਮ ਪੁਲਿਸ ਕਮਿਸ਼ਨਰ ਜੌਹਨ ਸਟੈਨਫੋਰਡ ਨੇ ਦੇਰ ਰਾਤ ਇੱਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਪੁਲਿਸ ਅਧਿਕਾਰੀ ਕੰਮ ‘ਤੇ ਜਾ ਰਹੇ ਸਨ, ਉਦੋਂ ਉਨ੍ਹਾਂ ਨੇ ਕੁਝ ਲੋਕਾਂ ਨੂੰ ਪਾਰਕਿੰਗ ਖੇਤਰ ਵਿਚ ਖੜ੍ਹੇ ਇੱਕ ਵਾਹਨ ਦਾ ਤਾਲਾ ਤੋੜਦੇ ਦੇਖਿਆ। ਉਨ੍ਹਾਂ ਕਿਹਾ ਕਿ ਜਦੋਂ ਅਧਿਕਾਰੀ ਉਨ੍ਹਾਂ ਕੋਲ ਪਹੁੰਚੇ ਤਾਂ ਸ਼ੱਕੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਇਸ ਹਮਲੇ ਵਿਚ ਗੋਲੀ ਇੱਕ ਅਧਿਕਾਰੀ ਦੇ ਸਰੀਰ ਦੇ ਉਪਰਲੇ ਹਿੱਸੇ ਅਤੇ ਹੱਥ ਵਿਚ ਲੱਗੀ। ਸਟੈਨਫੋਰਡ ਨੇ ਦੱਸਿਆ ਕਿ ਹਸਪਤਾਲ ‘ਚ ਦਾਖ਼ਲ ਇਕ ਅਧਿਕਾਰੀ ਦੀ ਰਾਤ ਕਰੀਬ 11:30 ਵਜੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਧਿਕਾਰੀ ਦਾ ਨਾਂ ਜਾਰੀ ਨਹੀਂ ਕੀਤਾ ਗਿਆ ਹੈ ਪਰ ਉਸ ਦੀ ਉਮਰ 50 ਸਾਲ ਸੀ ਅਤੇ ਉਹ 22 ਸਾਲਾਂ ਤੋਂ ਪੁਲਿਸ ਫੋਰਸ ‘ਚ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਦੂਜੇ ਅਧਿਕਾਰੀ ਦੀ ਹਾਲਤ ਸਥਿਰ ਹੈ ਅਤੇ ਉਸ ਦੀ ਉਮਰ 60 ਸਾਲ ਹੈ ਅਤੇ 20 ਸਾਲਾਂ ਤੋਂ ਪੁਲਿਸ ਵਿਭਾਗ ਵਿਚ ਨੌਕਰੀ ਕਰ ਰਹੇ ਹਨ। ਅਧਿਕਾਰੀ ਅਨੁਸਾਰ ਦੋਵੇਂ ਅਧਿਕਾਰੀ ਪੁਲਿਸ ਦੀ ਏਅਰਪੋਰਟ ਯੂਨਿਟ ਵਿਚ ਤਾਇਨਾਤ ਸਨ।

Leave a comment