#CANADA

ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਦੇ ਪ੍ਰਬੰਧਕੀ ਬੋਰਡ ਦੀ ਚੋਣ

ਰਿਵਰਸਾਈਡ ਫਿਊਨਰਲ ਹੋਮ ਵਿਕਣ ਵਾਲੀਆਂ ਅਫਵਾਹਾਂ ‘ਚ ਕੋਈ ਸੱਚਾਈ ਨਹੀਂ : ਸੁਰਿੰਦਰ ਸਿੰਘ ਜੱਬਲ
ਸਰੀ, 28 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਜ਼ ਸੁਸਾਇਟੀ ਅਤੇ ਫਾਈਵ ਰਿਵਰਜ਼ ਮੈਨੇਜਮੈਂਟ ਦੇ ਪ੍ਰਬੰਧਕੀ ਬੋਰਡ ਦੀ ਚੋਣ 26 ਮਾਰਚ 2023 ਨੂੰ ਹੋਈ, ਜਿਸ ਵਿਚ ਸਾਰੇ ਡਾਇਰੈਕਟਰ ਸਰਬਸੰਮਤੀ ਨਾਲ ਚੁਣੇ ਗਏ ਅਤੇ ਇਹ ਨਵੇਂ ਚੁਣੇ ਗਏ ਬੋਰਡ ਮੈਂਬਰਜ ਪਹਿਲੀ ਅਪ੍ਰੈਲ ਤੋਂ ਚਾਰਜ ਸੰਭਾਲ ਲੈਣਗੇ।
ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਦੇ ਨਵੇਂ ਚੁਣੇ ਗਏ ਅਹੁਦੇਦਾਰ ‘ਚ ਪ੍ਰਧਾਨ ਲੈਂਬਰ ਰਾਓ, ਸੀਨੀਅਰ ਮੀਤ ਪ੍ਰਧਾਨ ਸੁਖਵੰਤ ਸਿੰਘ ਤੱਖਰ, ਮੀਤ ਪ੍ਰਧਾਨ ਡਾ. ਪ੍ਰੀਤੀ ਮਿਸਰਾ ਅਤੇ ਜਨਰਲ ਸਕੱਤਰ ਜੁਗਿੰਦਰ ਸਿੰਘ ਸੁੰਨੜ ਸ਼ਾਮਲ ਹਨ।
ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਦੱਸਿਆ ਹੈ ਕਿ ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਵਿਚ ਇਸ ਸਮੇਂ ਵੈਨਕੂਵਰ ਇਲਾਕੇ ਦੀਆਂ 12 ਧਾਰਮਿਕ ਸੁਸਾਇਟੀਆਂ ਅਤੇ ਸਹਿਯੋਗੀਆਂ ਸਣੇ ਕੁੱਲ ਮਿਲਾ ਕੇ 57 ਡੈਲੀਗੇਟ ਹਨ। ਆਰੰਭ ਵਿਚ ਇਸ ਸੰਸਥਾ ਦਾ ਮੁੱਖ ਮੰਤਵ ਆਪਣੀ ਕਮਿਊਨਿਟੀ ਵੱਲੋਂ ਆਪਣਾ ਫਿਊਨਰਲ ਹੋਮ (ਸਸਕਾਰ ਘਰ) ਬਣਾਉਣਾ ਤੇ ਚਲਾਉਣਾ ਸੀ, ਜੋ ਜੂਨ 2002 ਤੋਂ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਚ 7410 ਹੌਪਕੋਟ ਸਟਰੀਟ ‘ਤੇ ਚੱਲ ਰਿਹਾ ਹੈ, ਜਿਥੇ ਕਿ ਆਪਣੇ ਸਨੇਹੀਆਂ ਦਾ ਅੰਤਮ ਸੰਸਕਾਰ ਆਪਣੀਆਂ ਧਾਰਮਿਕ ਰਹੁ-ਰੀਤਾਂ ਨਾਲ ਸੰਭਾਵੀ ਝੱਲਣਯੋਗ ਖਰਚੇ ਨਾਲ ਹੋ ਜਾਂਦਾ ਹੈ।
ਸ. ਜੱਬਲ ਨੇ ਕਿਹਾ ਹੈ ਕਿ ਪਿਛਲੇ ਸਮੇਂ ਵਿਚ ਕਈ ਅਫਵਾਹਾਂ ਸੁਨਣ ਨੂੰ ਮਿਲੀਆਂ ਕਿ ਰਿਵਰਸਾਈਡ ਫਿਊਨਰਲ ਹੋਮ (ਸਸਕਾਰ ਘਰ) ਵਿਕ ਗਿਆ ਹੈ, ਜਿਨ੍ਹਾਂ ਵਿਚ ਕੋਈ ਸੱਚਾਈ ਨਹੀਂ। ਉਨ੍ਹਾਂ ਯਕੀਨ ਦੁਆਇਆ ਹੈ ਕਿ ਕਮਿਊਨਿਟੀ ਦਾ ਆਪਣਾ ਸਸਕਾਰ-ਘਰ ਮੈਨੇਜਮੈਂਟ ਅਤੇ ਯੋਗ ਲਾਇਸੰਸਸ਼ੁਦਾ ਸਟਾਫ ਵੱਲੋਂ ਨਿਯਮਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ, ਜਿਸ ਵਿਚ ਪਹਿਲ ਦੇ ਆਧਾਰ ਤੇ ਬਿਨਾਂ ਪੱਖਪਾਤ ਤੋਂ ਸਸਕਾਰ ਦਾ ਸਮਾਂ ਤਹਿ ਕੀਤਾ ਜਾਂਦਾ ਹੈ। ਪਰ ਪਿਛਲੇ 20 ਸਾਲਾਂ ਵਿਚ ਆਬਾਦੀ ਵਧਣ ਕਰਕੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਚ ਸਸਕਾਰ ਕਰਨ ਲਈ ਇਕ ਹਫਤੇ ਤੋਂ ਵੱਧ ਸਮਾਂ ਲੱਗਣ ਲੱਗ ਪਿਆ ਹੈ, ਜਿਸ ਕਰਕੇ ਹੋਰ ਪ੍ਰਾਈਵੇਟ ਸਸਕਾਰ ਘਰ ਮਜਬੂਰਨ ਲੱਭਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਨੇ ਸਰੀ ਵਿਚ 168 ਸਟਰੀਟ ਤੇ 9280-9350 ਬਲਾਕ ਵਿਚ ਇਕ ਹੋਰ ਰਿਵਰਸਾਈਡ ਫਿਊਨਰਲ ਹੋਮ ਸਰੀ ਬਨਾਉਣ ਦਾ ਪ੍ਰੋਗਰਾਮ ਉਲੀਕਿਆ ਹੈ, ਜੋ ਕਿ ਆਉਂਦੇ ਸਾਲਾਂ ਵਿਚ ਹੋਂਦ ਵਿਚ ਆ ਜਾਵੇਗਾ। ਇਸ ਸੰਬੰਧੀ ਪਿਛਲੇ ਸਾਲ ਤੋਂ ਆਰਕੀਟੈਕਟ ਅਤੇ ਇੰਜੀਨੀਅਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਦੂਸਰਾ ਸਸਕਾਰ-ਘਰ (ਰਿਵਰਸਾਈਡ ਫਿਊਨਰਲ ਹੋਮ) ਸਰੀ ਵਿਚ ਬਨਾਉਣ ਲਈ ਪੂਰੀ ਤਨਦੇਹੀ ਨਾਲ ਵਚਨਵੱਧ ਹੈ।

Leave a comment