#PUNJAB

ਫ਼ਿਲਮੀ ਅਦਾਕਾਰ ਅਮਨ ਧਾਲੀਵਾਲ ‘ਤੇ ਅਮਰੀਕਾ ‘ਚ ਹਮਲਾ

ਮਾਨਸਾ, 17 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰ ਕੈਰੋਨਾ (ਲਾਸ ਏਂਜਲਸ) ਵਿਖੇ ਇਕ ਸਿਰਫਿਰੇ ਗੋਰੇ ਨੇ ਫ਼ਿਲਮੀ ਅਦਾਕਾਰ ਅਮਨ ਧਾਲੀਵਾਲ ‘ਤੇ ਕਾਤਲਾਨਾ ਹਮਲਾ ਕਰਨ ਦੀ ਖ਼ਬਰ ਹੈ | ਅਮਨ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ | ਮਾਨਸਾ ਸ਼ਹਿਰ ਦੇ ਜੰਮਪਲ ਅਮਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਸ) ਦੇ ਮੁਲਾਜ਼ਮ ਵਿੰਗ ਦੇ ਕਨਵੀਨਰ ਮਾ. ਮਿੱਠੂ ਸਿੰਘ ਕਾਹਨੇਕੇ ਦੇ ਪੁੱਤਰ ਹਨ | ਉਸ ‘ਤੇ ਹਮਲਾ ਉਦੋਂ ਕੀਤਾ ਗਿਆ ਜਦੋਂ ਜਿੰਮ ‘ਚ ਕਸਰਤ ਕਰਨ ਆਇਆ ਸੀ | ਜਾਣਕਾਰੀ ਅਨੁਸਾਰ ਰਿਚਰਡ ਨਾਂਅ ਦੇ ਗੋਰੇ ਨੇ ਪਹਿਲਾਂ ਅਦਾਕਾਰ ਦੀ ਕਾਰ ਨੂੰ ਭੰਨ ਦਿੱਤਾ ਅਤੇ ਫ਼ਿਰ ਚਾਕੂਆਂ ਨਾਲ ਉਸ ‘ਤੇ ਹਮਲਾ ਕਰ ਦਿੱਤਾ | ਉਸ ਦੇ ਦੋਸਤਾਂ ਵਲੋਂ ਅਮਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ | ਹਮਲਾਕਾਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਅਮਨ ਧਾਲੀਵਾਲ ਯੋਧਾ ਅਕਬਰ, ਬਿਗ ਬ੍ਰਦਰ, ਕੌਫੀ ਹਾਊਸ, ਕੁੜੀ ਪੰਜਾਬ ਦੀ ਆਦਿ ਫ਼ਿਲਮਾਂ ਤੋਂ ਇਲਾਵਾ ਵੱਖ-ਵੱਖ ਟੀ.ਵੀ. ਸੀਰੀਅਲਾਂ ‘ਚ ਭੂਮਿਕਾ ਨਿਭਾਅ ਕੇ ਵੱਡਾ ਨਾਮਣਾ ਖੱਟ ਚੁੱਕਾ ਹੈ | ਇਨੀ ਦਿਨੀਂ ਉਹ ਅਦਾਕਾਰੀ ਦੇ ਨਾਲ ਨਾਲ ਅਮਰੀਕਾ ‘ਚ ਹੋਮ ਸਕਿਉਰਿਟੀ ‘ਚ ਕੰਮ ਕਰ ਰਿਹਾ ਹੈ |

Leave a comment