#PUNJAB

ਫ਼ਰੀਦਕੋਟ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਐੱਸ.ਪੀ. ਸਣੇ ਚਾਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ

ਫ਼ਰੀਦਕੋਟ, 24 ਅਗਸਤ (ਪੰਜਾਬ ਮੇਲ)- ਫ਼ਰੀਦਕੋਟ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ’ਚ ਘਿਰੇ ਇਥੋਂ ਦੇ ਐੱਸ. ਪੀ. ਗਗਨੇਸ਼ ਕੁਮਾਰ, ਆਈ. ਜੀ. ਦਫ਼ਤਰ ਦੇ ਇੰਸਪੈਕਟਰ ਖੇਮ ਚੰਦ ਪਰਾਸ਼ਰ, ਮਲਕੀਤ ਦਾਸ ਅਤੇ ਜਸਵਿੰਦਰ ਸਿੰਘ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਨ੍ਹਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਤਰਫ਼ੋਂ ਕਰੋੜਾਂ ਰੁਪਏ ਦੀ ਰਿਸ਼ਵਤ ਲੈ ਕੇ ਕਤਲ ਦੇ ਮੁੱਖ ਸਾਜਿਸ਼ਘਾੜੇ ਨੂੰ ਬਚਾਉਣ ਦੇ ਦੋਸ਼ ਹਨ।
ਪਰਚਾ ਦਰਜ ਹੋਣ ਮਗਰੋਂ ਐੱਸ. ਪੀ. ਗਗਨੇਸ਼ ਕੁਮਾਰ ਅਤੇ ਇੰਸਪੈਕਟਰ ਖੇਮ ਚੰਦ ਪਰਾਸ਼ਰ ਸਣੇ ਚਾਰ ਮੁਲਜ਼ਮ ਫ਼ਰਾਰ ਹਨ ਅਤੇ ਵਿਜੀਲੈਂਸ ਬਿਊਰੋ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਿਹਾ ਹੈ। ਹਾਲਾਂਕਿ ਇਸ ਕੇਸ ਸਬੰਧੀ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤੇ ਗਏ ਡੀ. ਐੱਸ. ਪੀ. ਸੁਸ਼ੀਲ ਕੁਮਾਰ ਨੇ ਸਪੈਸ਼ਲ ਜੱਜ ਰਾਜੀਵ ਕਾਲੜਾ ਦੀ ਅਦਾਲਤ ’ਚ ਅਰਜ਼ੀ ਦੇ ਕੇ ਚੱਲਦੇ ਮੁਕੱਦਮੇ ਤੱਕ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਅਰਜ਼ੀ ਰੱਦ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਪੰਜ ਸਾਲ ਪਹਿਲਾਂ ਪਿੰਡ ਕੋਟ ਸੁਖੀਆ ਦੇ ਡੇਰਾ ਹਰਕਾ ਦਾਸ ਦੇ ਮੁਖੀ ਦਿਆਲ ਦਾਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਬਾਅਦ ’ਚ ਪੁਲਿਸ ਨੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਜਰਨੈਲ ਦਾਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਵਿਜੀਲੈਂਸ ਬਿਊਰੋ ਅਨੁਸਾਰ ਅਧਿਕਾਰੀਆਂ ਨੇ ਦੋਸ਼ੀਆਂ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਰਿਸ਼ਵਤ ਦਾ ਲੈਣ-ਦੇਣ ਕੀਤਾ, ਜਿਸ ਤਹਿਤ ਫ਼ਰੀਦਕੋਟ ਦੇ ਡੀ. ਆਈ. ਜੀ. ਅਤੇ ਆਈ. ਜੀ. ਦਫ਼ਤਰ ਵੀ ਵਿਵਾਦ ਦੇ ਘੇਰੇ ’ਚ ਹਨ।

Leave a comment