#AMERICA

ਫਲੋਰੀਡਾ ‘ਚ ਪੰਜਾਬ ਦੇ ਖਿਡਾਰੀ ਦੀ ਦਰਿਆ ‘ਚ ਡੁੱਬਣ ਕਾਰਨ ਮੌਤ

ਫਲੋਰੀਡਾ/ਈਸੜੂ, 30 ਮਈ (ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰ ਫਲੋਰੀਡਾ ‘ਚ ਹਰਮਨਜੋਤ ਸਿੰਘ ਗਿੱਲ (26) ਪੁੱਤਰ ਤਰਨਜੀਤ ਸਿੰਘ ਗਿੱਲ ਦੀ ਭੇਦਭਰੇ ਹਾਲਾਤ ‘ਚ ਦਰਿਆ ‘ਚ ਡੁੱਬਣ ਕਾਰਨ ਮੌਤ ਹੋ ਗਈ। ਉਹ ਪੰਜਾਬ ਦੇ ਈਸੜੂ ਕਸਬੇ ਲਾਗਲੇ ਪਿੰਡ ਜਰਗੜੀ ਦਾ ਰਹਿਣ ਵਾਲਾ ਸੀ ਤੇ ਉੱਘੇ ਸਮਾਜਸੇਵੀ ਅਵਤਾਰ ਸਿੰਘ ਗਿੱਲ ਦਾ ਸਕਾ ਭਤੀਜਾ ਸੀ।
ਹਰਮਨਜੋਤ ਗਿੱਲ ਇਕ ਬਹੁਤ ਵਧੀਆ ਫੁੱਟਬਾਲ ਖਿਡਾਰੀ ਸੀ ਤੇ ਹੁਣ ਉਸ ਨੇ 25 ਮਈ ਨੂੰ ਇੰਗਲੈਂਡ ਦੇ ਇਕ ਫੁੱਟਬਾਲ ਕਲੱਬ ਦੇ ਕੋਚ ਵਜੋਂ ਜ਼ਿੰਮੇਵਾਰੀ ਸੰਭਾਲਣੀ ਸੀ ਕਿ ਉਸੇ ਦਿਨ ਸਵੇਰੇ 5 ਵਜੇ ਦੇ ਕਰੀਬ ਇਹ ਮੰਦਭਾਗੀ ਘਟਨਾ ਵਾਪਰ ਗਈ।
ਹਰਮਨਜੋਤ ਗਿੱਲ 2005 ‘ਚ ਆਪਣੇ ਪਿਤਾ ਪਾਸ ਪੈਨਸਿਲਵੇਨੀਆ ਆਇਆ ਸੀ ਤੇ ਉਥੇ ਰਹਿ ਕੇ ਪੜ੍ਹਾਈ ਦੇ ਨਾਲ-ਨਾਲ ਫੁੱਟਬਾਲ ਜਗਤ ‘ਚ ਆਪਣਾ ਚੰਗਾ ਨਾਂ ਬਣਾ ਲਿਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਹਰਮਨਜੋਤ ਦਾ ਅੰਤਿਮ ਸੰਸਕਾਰ ਅਮਰੀਕਾ ਵਿਚ ਹੀ ਕੀਤਾ ਜਾਣਾ ਹੈ। ਉਧਰ ਪੁਲਿਸ ਜਾਂਚ ਪੜਤਾਲ ‘ਚ ਜੁਟੀ ਹੋਈ ਹੈ।
ਪੰਜਾਬੀ ਨੌਜਵਾਨ ਦੀ ਇਸ ਬੇਵਕਤੀ ਮੌਤ ‘ਤੇ ਖੇਡ ਜਗਤ ਸਮੇਤ ਪੰਜਾਬੀ ਭਾਈਚਾਰੇ ਵਿਚ ਵੀ ਸੋਗ ਦੀ ਲਹਿਰ ਦੌੜ ਗਈ।

Leave a comment