ਸੈਕਰਾਮੈਂਟੋ, 5 ਅਕਤੂਬਰ (ਪੰਜਾਬ ਮੇਲ)-ਅਮਰੀਕਾ ਦੇ ਫਲੋਰਿਡਾ ਰਾਜ ’ਚ ਇਕ 11 ਸਾਲਾ ਫੁੱਟਬਾਲ ਖਿਡਾਰੀ ਨੂੰ ਆਪਣੇ ਦੋ ਨਾਬਾਲਗ ਸਾਥੀਆਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੇ ਸ਼ੱਕ ’ਚ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਅਪੋਪਕਾ ਪੁਲਿਸ ਮੁਖੀ ਮਾਈਕ ਮੈਕਇਨਲੇਅ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਬੱਚੇ ਨੂੰ ਅਪੋਪਕਾ ਦੇ ਰੀਕ੍ਰੀਏਸ਼ਨ ਕੰਪਲੈਕਸ ’ਚ ਗੋਲੀਆਂ ਚਲਾ ਕੇ 13 ਸਾਲਾਂ ਦੇ ਦੋ ਸਾਥੀਆਂ ਨੂੰ ਜ਼ਖਮੀ ਕਰ ਦੇਣ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਗੋਲੀਬਾਰੀ ਦੀ ਘਟਨਾ ਇਕ ਅਭਿਆਸ ਫੁੱਟਬਾਲ ਮੈਚ ਦੌਰਾਨ ਹੋਏ ਝਗੜੇ ਉਪਰੰਤ ਓਰਲੈਂਡੋ ਦੇ ਬਾਹਰਵਾਰ ਵਾਪਰੀ। ਪੁਲਿਸ ਮੁਖੀ ਅਨੁਸਾਰ ਇਕ ਨਾਬਾਲਗ ਨੂੰ ਇਲਾਜ ਉਪਰੰਤ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ, ਜਦ ਕਿ ਦੂਸਰਾ ਅਜੇ ਇਲਾਜ ਅਧੀਨ ਹੈ।