#AMERICA

ਫਲੋਰਿਡਾ ‘ਚ ਚੋਰੀ ਕੀਤੀ 16 ਲੱਖ ਡਾਲਰਾਂ ਦੇ ਮੁੱਲ ਦੀ ਸ਼ਰਾਬ ਦਾ ਮਾਮਲਾ ਅਜੇ ਤੱਕ ਨਹੀਂ ਹੋਇਆ ਹੱਲ

– ਚੋਰਾਂ ਨੇ ਸ਼ਰਾਬ ਲਿਜਾਣ ਲਈ ਕੀਤੀ ਟਰੈਕਟਰ ਟਰਾਲਿਆਂ ਦੀ ਵਰਤੋਂ
ਸੈਕਰਾਮੈਂਟੋ, 16 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਫਲੋਰਿਡਾ ਰਾਜ ਵਿਚ ਇਕ ਕੰਪਨੀ ਵਿਚੋਂ ਚੋਰਾਂ ਵੱਲੋਂ 16 ਲੱਖ ਡਾਲਰਾਂ ਤੋਂ ਵਧ ਕੀਮਤ ਦੀ ਸ਼ਰਾਬ ਚੋਰੀ ਕਰ ਲੈਣ ਦਾ ਮਾਮਲਾ ਸੁਰਖੀਆਂ ‘ਚ ਹੈ। ਚੋਰੀ ਕੀਤੀ ਸ਼ਰਾਬ ਵਿਚ ਪ੍ਰਸਿੱਧ ਬਰਾਂਡ ਜੋਸ ਕੁਰਵੋ ਤੇ ਮਾਲੀਬੂ ਦੀਆਂ ਬੋਤਲਾਂ ਵੀ ਸ਼ਾਮਲ ਹਨ। ਇਸ ਸਾਲ ਜੁਲਾਈ ਵਿਚ ਹੋਈ ਚੋਰੀ ਦੀ ਇਸ ਘਟਨਾ ਸਬੰਧੀ ਜਾਂਚਕਾਰਾਂ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਤੇ ਮਾਮਲਾ ਜਾਂਚ ਅਧੀਨ ਹੈ ਪਰੰਤੂ ਅਧਿਕਾਰੀ ਇਹ ਪਤਾ ਲਾਉਣ ਵਿਚ ਕਾਮਯਾਬ ਹੋਏ ਹਨ ਕਿ ਚੋਰੀ ਦੀ ਇਸ ਵੱਡੀ ਘਟਨਾ ਵਿਚ ਚੋਰਾਂ ਨੇ ਸ਼ਰਾਬ ਲਿਜਾਣ ਲਈ ਟਰੈਕਟਰ ਟਰਾਲਿਆਂ ਦੀ ਵਰਤੋਂ ਕੀਤੀ ਸੀ।
ਜਾਰੀ ਨਵੇਂ ਤਲਾਸ਼ੀ ਵਾਰੰਟਾਂ ਅਨੁਸਾਰ ਹਿਲਜਬੋਰੌਘ ਕਾਊਂਟੀ ਵਿਚ ਟਾਂਪਾ ਦੇ ਦੱਖਣ ਵਿਚ ਸਥਿਤ ਰਿਪਬਲਿਕ ਨੈਸ਼ਨਲ ਡਿਸਟ੍ਰੀਬਿਊਸ਼ਨ ਕੰਪਨੀ ਵਿਚੋਂ ਚੋਰਾਂ ਨੇ 8 ਜੁਲਾਈ ਨੂੰ ਤੜਕਸਾਰ 4.10 ਵਜੇ ਤੋਂ 9.45 ਵਜੇ ਤੱਕ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਚੋਰੀ ਕਰਨ ਲਈ ਕੋਈ ਕਾਹਲ ਨਹੀਂ ਵਿਖਾਈ ਤੇ ਉਹ ਆਰਾਮ ਨਾਲ ਟਰੈਕਟਰ ਟਰਾਲਿਆਂ ਉਪਰ ਸ਼ਰਾਬ ਦੇ ਡੱਬੇ ਰੱਖ ਕੇ ਲੈ ਗਏ। ਤਲਾਸ਼ੀ ਵਾਰੰਟਾਂ ਅਨੁਸਾਰ ਚੋਰ ਵੱਖ-ਵੱਖ ਬਰਾਂਡਾਂ ਦੀ ਸ਼ਰਾਬ ਦੇ 4277 ਡੱਬੇ ਲਿਜਾਣ ਵਿਚ ਸਫਲ ਹੋ ਗਏ। ਅਧਿਕਾਰੀਆਂ ਦਾ ਵਿਸ਼ਵਾਸ ਹੈ ਕਿ ਏਨੀ ਵੱਡੀ ਚੋਰੀ ਅਜਿਹੇ ਫੋਨ ਦੀ ਵਰਤੋਂ ਕਰਕੇ ਕੀਤੀ ਹੋ ਸਕਦੀ ਹੈ, ਜਿਸ ਵਿਚ ਕੰਪਨੀ ਦੀ ਵਿਸ਼ੇਸ਼ ਜਾਣਕਾਰੀ, ਤਕਨੀਕੀ ਡੈਟਾ ਤੇ ਸਬੂਤ ਮੌਜੂਦ ਸਨ। ਤਲਾਸ਼ੀ ਵਾਰੰਟ ਜਿਨ੍ਹਾਂ ਦਸਤਾਵੇਜਾਂ ਦੇ ਆਧਾਰ ‘ਤੇ ਲਏ ਗਏ ਹਨ, ਉਨ੍ਹਾਂ ਵਿਚ ਚੋਰਾਂ ਨੂੰ ‘ਅਣਪਛਾਤੇ ਸ਼ੱਕੀ’ ਵਜੋਂ ਦਰਜ ਕੀਤਾ ਗਿਆ ਹੈ। ਵਾਰੰਟਾਂ ਅਨੁਸਾਰ ਚੋਰਾਂ ਨੇ ਅਲਕੋਹਲ ਵਿਤਰਕ ਕੰਪਨੀ ਦਾ ਡਿਜ਼ੀਟਲ ਵੀਡੀਓ ਰਿਕਾਰਡਰ ਵੀ ਉਖਾੜ ਦਿੱਤਾ, ਜਿਸ ਦੀ ਵਰਤੋਂ ਨਿਗਰਾਨੀ ਲਈ ਕੀਤੀ ਜਾਂਦੀ ਸੀ। ਵਾਰਟਾਂ ਅਨੁਸਾਰ ਨਾਲ ਲੱਗਦੇ ਕਾਰੋਬਾਰੀ ਅਦਾਰਿਆਂ ਤੇ ਇਕ ਸਟੋਰ ਉਪਰ ਲੱਗੇ ਨਿਗਰਾਨ ਕੈਮਰਿਆਂ ਦੀ ਮਦਦ ਨਾਲ ਹਿਲਜਬੋਰੌਘ ਕਾਊਂਟੀ ਸ਼ੈਰਿਫ ਦਫਤਰ ਦੇ ਡਿਪਟੀ ਚੋਰੀ ਲਈ ਵਰਤੇ ਗਏ ਟਰੈਕਟਰ ਟਰਾਲੇ ਦੀ ਪਛਾਣ ਕਰਨ ਵਿਚ ਸਫਲ ਹੋ ਗਏ ਹਨ। ਇਕ ਹੋਰ ਨਿਗਰਾਨ ਕੈਮਰੇ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਚੋਰਾਂ ਨੇ ਸ਼ਰਾਬ ਦੇ ਡੱਬੇ ਲਿਜਾਣ ਲਈ 3 ਟਰੈਕਟਰ ਟਰਾਲਿਆਂ ਦੀ ਵਰਤੋਂ ਕੀਤੀ ਸੀ। ਇਥੇ ਜ਼ਿਕਰਯੋਗ ਹੈ ਕਿ ਗਿਬਸਨਟਨ, ਫਲੋਰਿਡਾ ਵਿਚ ਸਥਿਤ ਰਿਪਬਲਿਕ ਨੈਸ਼ਨਲ ਡਿਸਟ੍ਰੀਬਿਊਸ਼ਨ ਕੰਪਨੀ ਇਕ ਵੱਡੀ ਕੰਪਨੀ ਹੈ, ਜਿਸ ਦੇ ਅਮਰੀਕਾ ਦੇ 38 ਰਾਜਾਂ ਤੇ ਵਾਸ਼ਿੰਗਟਨ ਡੀ.ਸੀ. ਵਿਚ 14000 ਮੁਲਾਜ਼ਮ ਹਨ।

Leave a comment