#AMERICA

ਫਰਿਜ਼ਨੋ ਵਿਖੇ ਇੰਟਰਨੈਸ਼ਨਲ ਵੂਮਨਜ਼ ਡੇਅ ‘ਤੇ ਵਿਸ਼ੇਸ਼ ਸੈਮੀਨਾਰ

ਫਰਿਜ਼ਨੋ, 22 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ ਲਈ ਹਰ ਸਾਲ ਦੁਨੀਆਂ ਪੱਧਰ ‘ਤੇ ਇੰਟਰਨੈਸ਼ਨਲ ਵੂਮਨਜ਼ ਡੇਅ ਮਨਾਇਆ ਜਾਂਦਾ ਹੈ, ਇਸੇ ਕੜੀ ਤਹਿਤ ਸਿੱਖ ਵੋਮਿਨਜ਼ ਆਰਗੇਨਾਈਜੇਸ਼ਨ ਆਫ ਸੈਂਟਰਲ ਕੈਲੀਫੋਰਨੀਆ ਦੀਆਂ ਕਾਰਕੁੰਨ ਗੁੱਡੀ ਰਾਣੋ, ਤਜਿੰਦਰ ਪੁਰੇਵਾਲ, ਪੂਨਮ ਸਿੰਘ, ਅਮਨਦੀਪ ਮਠਾੜੂ, ਜਗਜੀਤ ਬਰਾੜ, ਪਰਮਿੰਦਰ ਗਰੇਵਾਲ ਆਦਿ ਨੇ ਉੱਦਮ ਕਰਕੇ ਫਰਿਜ਼ਨੋ ਦੇ ਇਲੀਟ ਈਵੈਂਟ ਸੈਂਟਰ ਵਿਖੇ ਇਸ ਦਿਨ ਇਕੱਤਰਤਾ ਕਰਕੇ ”ਜ਼ਿੰਦਗੀ ਵਿਚ ਆਉਂਦੀਆਂ ਰੁਕਾਵਟਾਂ ਨੂੰ ਪਾਸੇ ਕਰਕੇ ਕਿਵੇਂ ਅੱਗੇ ਵਧਿਆ ਜਾਵੇ” ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਇਸ ਸਮਾਗਮ ਵਿਚ ਮੁੱਖ ਸਪੀਕਰ ਦੇ ਤੌਰ ‘ਤੇ ਡਾ. ਜੈਪ੍ਰੀਤ ਵਿਰਦੀ ਜਿਹੜੇ ਕਿ ਡੈਲਾਵੇਅਰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਨੇ, ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ। ਉਨ੍ਹਾਂ ਜ਼ਿੰਦਗੀ ਵਿਚ ਆਉਂਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਕਿਵੇਂ ਅੱਗੇ ਵਧਣਾ ਹੈ, ਵਿਸ਼ੇ ‘ਤੇ ਵਿਸਥਾਰ ਵਿਚ ਗੱਲਬਾਤ ਕੀਤੀ। ਉਹ ਖੁਦ ਚਾਰ ਸਾਲ ਦੀ ਉਮਰ ਵਿਚ ਬੋਲ੍ਹੇ (ਡਿੱਫ) ਹੋ ਗਏ ਸਨ, ਪਰ ਉਨ੍ਹਾਂ ਨੇ ਇਸ ਮੁਸ਼ਕਲ ਨੂੰ ਕਮਜ਼ੋਰੀ ਨਹੀਂ ਬਣਾਇਆ, ਸਗੋਂ ਇਸ ਮੁਸੀਬਤ ਨੂੰ ਤਕੜੇ ਹੋ ਕੇ ਨਜਿੱਠਿਆ ਅਤੇ ਅੱਜ ਆਪਣਾ ਸਫਲ ਜੀਵਨ ਬਤੀਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿੰਦਗੀ ਸੰਘਰਸ਼ ਦਾ ਨਾਮ ਹੈ ਅਤੇ ਇਹ ਸੰਘਰਸ਼ ਅਸੀਂ ਹਰ ਹਾਲ ਜਿੱਤਣਾ ਹੁੰਦਾ ਹੈ, ਜ਼ਿੰਦਗੀ ਵਿਚ ਕਦੇ ਵੀ ਚੁਣੌਤੀਆਂ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ, ਸਗੋਂ ਇਨ੍ਹਾਂ ਨੂੰ ਇੱਕ ਚੈਲੰਜ ਸਮਝਕੇ ਟੱਕਰਨਾ ਚਾਹੀਦਾ ਹੈ, ਅਤੇ ਜੋ ਮੁਸੀਬਤਾਂ ਅੱਗੇ ਹਿੱਕ ਡਾਹਕੇ ਖੜ ਜਾਂਦੇ ਨੇ, ਉਹ ਵੱਡੀਆਂ ਤੋ ਵੱਡੀਆਂ ਰੁਕਾਵਟਾਂ ਨੂੰ ਸੌਖਿਆਂ ਪਾਰ ਕਰ ਜਾਂਦੇ ਨੇ। ਇਸ ਮੌਕੇ ਡਾ. ਜੈਪ੍ਰੀਤ ਵਿਰਦੀ ਨੂੰ ਸਨਮਾਨ ਵੀ ਦਿੱਤਾ ਗਿਆ। ਸਮੂਹ ਬੋਰਡ ਮੈਂਬਰਾਂ ਨੇ ਡਾ. ਜੈਪ੍ਰੀਤ ਵਿਰਦੀ ਦਾ ਸ਼ੁਕਰੀਆ ਅਦਾ ਕਰਨ ਦੇ ਨਾਲ-ਨਾਲ, ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਅੱਗੋਂ ਤੋਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਦੇ ਰਹਾਂਗੇ। ਇਸ ਮੌਕੇ ਮਹਿਮਾਨਾਂ ਨੇ ਡਾ. ਜੈਪ੍ਰੀਤ ਨੂੰ ਸਵਾਲ ਵੀ ਕੀਤੇ, ਜਿਨ੍ਹਾਂ ਦੇ ਉਨ੍ਹਾਂ ਨੇ ਬਹੁਤ ਸੁਚੱਜੇ ਢੰਗ ਨਾਲ ਉੱਤਰ ਦਿੱਤੇ। ਇਸ ਮੌਕੇ ਸਿੱਖ ਵੋਮਿਨਜ਼ ਆਰਗੇਨਾਈਜੇਸ਼ਨ ਆਫ ਸੈਂਟਰਲ ਕੈਲੀਫੋਰਨੀਆ ਵੱਲੋ ਵਿਸ਼ੇਸ਼ ਲੰਚ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਰੈਫ਼ਲ ਵੀ ਕੱਢੇ ਗਏ। ਪੂਰੇ ਸਮਾਗਮ ਦੀ ਫੋਟਗ੍ਰਾਫੀ Kapture by Kamal ਵੱਲੋਂ ਬਾਖੂਬੀ ਕੀਤੀ ਗਈ। ਅੰਤ ਅਮਿੱਟ ਪੈੜ੍ਹਾ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

Leave a comment