ਫਰਿਜਨੋ, 17 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਵਿਦੇਸ਼ਾਂ ਵਿਚ ਪੰਜਾਬੀਆਂ ਦਾ ਨਾਮ ਰੌਸ਼ਨ ਕਰਨ ਵਾਲੇ ਫਰਿਜ਼ਨੋ ਦੇ ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਇੱਕ ਹੋਰ ਮੀਲ ਪੱਥਰ ਗੱਡਦਿਆਂ ਦੱਖਣੀ ਕੋਰੀਆ ਵਿਚ ਮੈਡਲ ਜਿੱਤਿਆ ਅਤੇ ਪੰਜਾਬੀ ਭਾਈਚਾਰੇ ਨਾਮ ਰੌਸ਼ਨ ਕੀਤਾ। ਗੁਰਬਖਸ਼ ਸਿੱਧੂ ਨੇ ਹੈਮਰ ਥਰੋਅ ਵਿਚ ਮੁਕਾਬਲਾ ਕੀਤਾ ਅਤੇ ਇਕਸਾਨ ਐਥਲੈਟਿਕਸ ਸਟੇਡੀਅਮ ਵਿਚ ਏਸ਼ੀਆ ਪੈਸੀਫਿਕ ਮਾਸਟਰਜ਼ ਗੇਮਜ਼ 2023 ਵਿਚ 37:22 ਮੀਟਰ (122.6 ਫੁੱਟ) ਦੀ ਦੂਰੀ ਨਾਲ ਸਿਲਵਰ ਮੈਡਲ ਜਿੱਤਿਆ। ਇਹ ਸਿਓਲ ਤੋਂ ਲਗਭਗ 120 ਕਿਲੋਮੀਟਰ ਦੂਰ ਹੈ।
ਇਨ੍ਹਾਂ ਖੇਡਾਂ ਲਈ ਏਸ਼ੀਆ, ਯੂਰਪ ਅਤੇ ਸੰਯੁਕਤ ਰਾਜ ਦੇ ਐਥਲੀਟਾਂ ਨੇ 25 ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲਿਆ। ਫੁਟਬਾਲ, ਬਾਸਕਟਬਾਲ, ਵਾਲੀਬਾਲ, ਵੇਟਲਿਫਟਿੰਗ ਅਤੇ ਐਥਲੈਟਿਕਸ ਆਦਿ ਸਮੇਤ ਵੱਖ-ਵੱਖ ਖੇਡਾਂ ਵਿਚ 10,000 ਐਥਲੀਟ ਹਿੱਸਾ ਲੈਣ ਲਈ ਆਏ ਸਨ। ਇਹ ਖੇਡਾਂ ਹਰ 4 ਸਾਲਾਂ ਬਾਅਦ ਹੁੰਦੀਆਂ ਹਨ। ਪਿਛਲੀਆਂ ਏਸ਼ੀਆ ਪੈਸੀਫਿਕ ਮਾਸਟਰਜ਼ ਖੇਡਾਂ ਮਲੇਸ਼ੀਆ ਵਿਚ ਕੁਆਲਾਲੰਪੁਰ ਵਿਚ ਹੋਈਆਂ ਸਨ। ਇੱਥੇ ਵੀ ਜ਼ਿਕਰਯੋਗ ਹੈ ਕਿ ਗੁਰਬਖਸ਼ ਸਿੱਘ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਆਪਣੇ ਬਲਬੂਤੇ ‘ਤੇ ਦੁਨੀਆਂ ਭਰ ਦੀਆਂ ਸੀਨੀਅਰ ਖੇਡਾਂ ਵਿਚ ਹਿੱਸਾ ਲੈ ਕੇ ਮੈਡਲ ਜਿੱਤਕੇ ਪੰਜਾਬੀਅਤ ਦਾ ਨਾਮ ਚਮਕਾਉਂਦਾ ਆ ਰਿਹਾ ਹੈ।