ਟੋਰਾਂਟੋ, 15 ਅਗਸਤ (ਪੰਜਾਬ ਮੇਲ)- 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਕਾਲਜ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਣ ਵਾਲੇ ਧੋਖੇਬਾਜ਼ ਠੱਗ ਟ੍ਰੈਵਲ ਏਜੰਟ ਬਿਜ੍ਰੇਸ਼ ਮਿਸ਼ਰਾ ਜੋ ਕੈਨੇਡਾ ਦੀ ਜੇਲ੍ਹ ਵਿਚ ਨਜ਼ਰਬੰਦ ਹੈ, ਉਸ ਨੂੰ ਬੀਤੇ ਦਿਨੀਂ ਵੈਨਕੂਵਰ ਦੀ ਸੂਬਾਈ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਪਰ ਉਸ ਨੂੰ ਅਦਾਲਤ ਵੱਲੋਂ ਜਮਾਨਤ ਨਹੀਂ ਦਿੱਤੀ ਗਈ। ਕਥਿਤ ਦੋਸ਼ੀ ਧੋਖੇਬਾਜ਼ ਏਜੰਟ ਬਿ੍ਰਜੇਸ਼ ਮਿਸ਼ਰਾ ਨੂੰ 25 ਅਗਸਤ ਨੂੰ ਅਗਲੀ ਅਦਾਲਤੀ ਤਰੀਕ ਤੱਕ ਜੇਲ੍ਹ ਵਿਚ ਰਹਿਣਾ ਪਵੇਗਾ।
ਦੱਸਣਯੋਗ ਹੈ ਕਿ ਕੈਨੇਡਾ ਵਿਚ ਨਜ਼ਰਬੰਦ ਬਿ੍ਰਜੇਸ਼ ਮਿਸ਼ਰਾ ਨੇ ਐਜੂਕੇਸ਼ਨ ਐਂਡ ਇੰਮ੍ਰੀਗਰਾਂਟ ਸਰਵਿਸਿਸ ਨਾਂ ਦਾ ਦਫ਼ਤਰ ਜਲੰਧਰ ਵਿਚ ਖੋਲ੍ਹਿਆ ਹੋਇਆ ਸੀ। ਇਸ ਮਾਮਲੇ ਨਾਲ ਸੰਬੰਧਤ ਵਿਦਿਆਰਥੀ 2018 ਅਤੇ 2019 ਵਿਚ ਕੈਨੇਡਾ ਆਏ ਸਨ ਅਤੇ ਇਹ ਫਰਜ਼ੀ ਧੋਖਾਧੜੀ ਦਾ ਸਕੈਂਡਲ ਮਾਰਚ 2023 ਵਿਚ ਸਾਹਮਣੇ ਆਇਆ ਸੀ। ਜਦੋਂ ਵਿਦਿਆਰਥੀਆਂ ਨੇ ਸਥਾਈ ਤੌਰ ’ਤੇ ਨਿਵਾਸ ਲਈ ਅਰਜ਼ੀਆਂ ਦੇਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਵਿਦਿਆਰਥੀਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੱਤਰ ਜਾਅਲੀ ਹਨ। ਇਸ ਮਸਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਸਿਰ ’ਤੇ ਦੇਸ਼ ਨਿਕਾਲੇ ਦੀ ਤਲਵਾਰ ਵੀ ਲਟਕੀ ਸੀ।