#EUROPE

ਪੱਛਮੀ ਲੰਡਨ ‘ਚ 16 ਸਾਲਾ ਸਿੱਖ ਲੜਕੇ ਦੀ ਹੱਤਿਆ ਮਾਮਲੇ ‘ਚ 2 ਨੌਜਵਾਨ ਦੋਸ਼ੀ ਕਰਾਰ

-ਅਫ਼ਗ਼ਾਨਿਸਤਾਨ ਤੋਂ ਸ਼ਰਨ ਲੈਣ ਅਕਤੂਬਰ 2019 ‘ਚ ਆਇਆ ਸੀ ਯੂ.ਕੇ.
ਲੰਡਨ, 7 ਮਾਰਚ (ਪੰਜਾਬ ਮੇਲ)- ਪੱਛਮੀ ਲੰਡਨ ਵਿਚ ਦੋ ਨੌਜਵਾਨਾਂ ਨੂੰ 16 ਸਾਲਾ ਸਿੱਖ ਲੜਕੇ ਦੀ ਹੱਤਿਆ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਲੜਕੇ ਨੂੰ ਗਲਤੀ ਨਾਲ ਪੱਛਮੀ ਲੰਡਨ ਵਿੱਚ ਵਿਰੋਧੀ ਗਰੋਹ ਨਾਲ ਸਬੰਧਤ ਸਮਝ ਲਿਆ ਸੀ। ਹਿਲਿੰਗਡਨ ਦੇ ਰਹਿਣ ਵਾਲੇ 18 ਸਾਲਾ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਓਲਡ ਬੇਲੀ ਵਿਖੇ ਮੁਕੱਦਮੇ ਤੋਂ ਬਾਅਦ ਰਿਸ਼ਮੀਤ ਸਿੰਘ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ। ਅਫਗਾਨਿਸਤਾਨ ਤੋਂ ਸ਼ਰਨ ਲੈਣ ਲਈ ਅਕਤੂਬਰ 2019 ਵਿੱਚ ਆਪਣੀ ਮਾਂ ਅਤੇ ਦਾਦੀ ਨਾਲ ਯੂ.ਕੇ. ਆਏ ਰਿਸ਼ਮੀਤ ਨੂੰ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਉਸ ‘ਤੇ 15 ਵਾਰ ਚਾਕੂ ਮਾਰ ਕੇ ਕਤਲ ਕੀਤਾ ਗਿਆ ਸੀ। ਮਰਹੂਮ ਦੀ ਮਾਂ ਗੁਲਿੰਦਰ ਕੌਰ ਨੇ ਕਿਹਾ, ‘ਮੈਂ ਆਪਣੇ ਪਤੀ ਨੂੰ ਗੁਆ ਦਿੱਤਾ ਹੈ ਅਤੇ ਹੁਣ ਮੈਂ ਆਪਣਾ ਇਕਲੌਤਾ ਪੁੱਤਰ ਗੁਆ ਦਿੱਤਾ ਹੈ। ਆਖ਼ਰਕਾਰ ਰਿਸ਼ਮੀਤ ਲਈ ਇਨਸਾਫ਼ ਹੋ ਗਿਆ ਹੈ ਪਰ ਦੋਸ਼ੀਆਂ ਨੂੰ ਮਿਲੀ ਸਜ਼ਾ ਮੈਨੂੰ ਹਮੇਸ਼ਾ ਘੱਟ ਲੱਗੇਗੀ। ਉਨ੍ਹਾਂ ਨੇ ਮੇਰੀ ਪੂਰੀ ਜ਼ਿੰਦਗੀ ਮੇਰੇ ਤੋਂ ਖੋਹ ਲਈ ਹੈ ਅਤੇ ਰਿਸ਼ਮੀਤ ਦੁਬਾਰਾ ਕਦੇ ਘਰ ਨਹੀਂ ਆਵੇਗਾ।’ ਅਦਾਲਤ ਨੇ ਕਿਹਾ ਕਿ 24 ਨਵੰਬਰ 2021 ਦੀ ਰਾਤ ਨੂੰ ਰਿਸ਼ਮੀਤ ਘਰ ਜਾ ਰਿਹਾ ਸੀ, ਜਦੋਂ ਉਸ ਨੇ ਦੋ ਅਣਪਛਾਤੇ ਪੁਰਸ਼ਾਂ ਨੂੰ ਉਸ ਵੱਲ ਭੱਜਦੇ ਦੇਖਿਆ। ਉਸ ਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ। ਉਸ ਦਾ ਪਿੱਛਾ ਕਰਨ ਵਾਲੇ ਵਿਚੋਂ ਇੱਕ ਨੇ ਉਸ ਦੀ ਪਿੱਠ ਵਿਚ ਘੱਟੋ-ਘੱਟ ਪੰਜ ਵਾਰ ਚਾਕੂ ਮਾਰਿਆ ਅਤੇ ਦੂਜੇ ਨੇ ਉਸ ਨੂੰ ਘੱਟੋ-ਘੱਟ 10 ਵਾਰ ਚਾਕੂ ਮਾਰਿਆ ਤੇ ਫ਼ਰਾਰ ਹੋ ਗਏ। ਪੁੱਛ ਪੜਤਾਲ ਵਿਚ ਸਾਹਮਣੇ ਆਇਆ ਕਿ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੇ ਆਪਣੀ ਬਾਈਕ ਪੁਲ ਕੋਲ ਸੁੱਟ ਦਿੱਤੀ ਅਤੇ ਰਿਸ਼ਮੀਤ ਦਾ ਪੈਦਲ ਪਿੱਛਾ ਕੀਤਾ। ਬਾਲਾਕ੍ਰਿਸ਼ਨਨ ਨੇ ਪਹਿਲਾਂ ਉਸ ਉੱਤੇ ਹਮਲਾ ਕੀਤਾ। ਉਹ ਘਟਨਾ ਸਥਾਨ ਤੋਂ ਭੱਜਦੇ ਹੋਏ ਸੀ.ਸੀ.ਟੀ.ਵੀ. ‘ਚ ਕੈਦ ਹੋ ਗਏ।

Leave a comment