30.2 C
Sacramento
Saturday, June 3, 2023
spot_img

ਪੰਜਾਬ ਸਰਕਾਰ ਵੱਲੋਂ ਹਵਾਈ ਅੱਡਿਆਂ ‘ਤੇ ਸ਼ਰਾਬ ਦੀਆਂ ਦੁਕਾਨਾਂ ਦੀ ਲਾਇਸੈਂਸ ਫੀਸ ‘ਚ ਵਾਧਾ

ਸੂਬਾ ਸਰਕਾਰ ਨੇ ‘ਵਾਇਆ ਏਅਰ’ ਸ਼ਰਾਬ ਹੋਰਨਾਂ ਸੂਬਿਆਂ ਵਿਚ ਲਿਜਾ ਕੇ ਵੇਚਣ ਵਾਲਿਆਂ ‘ਤੇ ਨਕੇਲ ਕੱਸੀ
ਚੰਡੀਗੜ੍ਹ, 12 ਮਈ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਮੁਹਾਲੀ ਹਵਾਈ ਅੱਡੇ ‘ਤੇ ਸ਼ਰਾਬ ਦੀਆਂ ਦੁਕਾਨਾਂ ਚਲਾਉਣ ਲਈ ਲਾਇਸੈਂਸ ਫ਼ੀਸ 10 ਲੱਖ ਰੁਪਏ ਤੋਂ ਵਧਾ ਕੇ ਛੇ ਕਰੋੜ ਅਤੇ ਅੰਮ੍ਰਿਤਸਰ ਹਵਾਈ ਅੱਡੇ ‘ਤੇ 4 ਕਰੋੜ ਰੁਪਏ ਕਰ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਹਵਾਈ ਅੱਡਿਆਂ ਤੋਂ ਸਸਤੀ ਸ਼ਰਾਬ ਲੈ ਕੇ ਮਹਿੰਗੀ ਸ਼ਰਾਬ ਵਾਲੇ ਸੂਬਿਆਂ ‘ਚ ਵੇਚਣ ਵਾਲਿਆਂ ਦਾ ਕੰਮ ਠੱਪ ਹੋ ਜਾਵੇਗਾ ਤੇ ਸਰਕਾਰੀ ਖ਼ਜ਼ਾਨੇ ਨੂੰ ਦਸ ਕਰੋੜ ਦੀ ਕਮਾਈ ਵੀ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਆਬਕਾਰੀ ਅਤੇ ਕਰ ਵਿਭਾਗ ਨੇ 5 ਮਈ ਨੂੰ ਪੰਜਾਬ ਲਿਕਰ ਲਾਇਸੈਂਸ ਰੂਲਜ਼ 1956 ਵਿਚ ਸੋਧ ਕਰ ਦਿੱਤੀ ਹੈ, ਜਿਸ ਮਗਰੋਂ ਹੁਣ ਹਵਾਈ ਅੱਡਿਆਂ ‘ਤੇ ਲਾਇਸੈਂਸ ਫ਼ੀਸ ਵਿਚ ਵਾਧਾ ਕੀਤਾ ਗਿਆ ਹੈ। ਨਵੇਂ ਫ਼ੈਸਲੇ ਅਨੁਸਾਰ ਮੁਹਾਲੀ ਹਵਾਈ ਅੱਡੇ ‘ਤੇ ਅਰਾਈਵਲ ਟਰਮੀਨਲ ਵਾਲੀ ਸ਼ਰਾਬ ਦੁਕਾਨ ਦੀ ਲਾਇਸੈਂਸ ਫ਼ੀਸ ਢਾਈ ਕਰੋੜ ਤੇ ਡਿਪਾਰਚਰ ਟਰਮੀਨਲ ਵਾਲੀ ਦੁਕਾਨ ਦੀ ਫ਼ੀਸ 3.50 ਕਰੋੜ ਰੁਪਏ ਨਿਰਧਾਰਿਤ ਕਰ ਦਿੱਤੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਅਰਾਈਵਲ ਟਰਮੀਨਲ ਵਾਲੀ ਦੁਕਾਨ ਦੀ ਲਾਇਸੈਂਸ ਫ਼ੀਸ 1.60 ਕਰੋੜ ਤੇ ਡਿਪਾਰਚਰ ਟਰਮੀਨਲ ਵਾਲੀ ਦੁਕਾਨ ਦੀ ਫ਼ੀਸ 2.40 ਕਰੋੜ ਰੁਪਏ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੂੰ ਸੂਹ ਮਿਲੀ ਸੀ ਕਿ ਜਿਨ੍ਹਾਂ ਸੂਬਿਆਂ ਵਿਚ ਸ਼ਰਾਬ ‘ਤੇ ਪਾਬੰਦੀ ਹੈ ਜਾਂ ਫਿਰ ਕਈ ਬਰਾਂਡਾਂ ‘ਤੇ ਆਬਕਾਰੀ ਡਿਊਟੀ ਜ਼ਿਆਦਾ ਹੈ, ਉਨ੍ਹਾਂ ਸੂਬਿਆਂ ਵਿਚ ਪੰਜਾਬ ਦੇ ਹਵਾਈ ਅੱਡਿਆਂ ‘ਤੋਂ ਇਨ੍ਹਾਂ ਬਰਾਂਡਾਂ ਵਾਲੀ ਸਸਤੀ ਸ਼ਰਾਬ ਜਾ ਰਹੀ ਸੀ।
ਮਿਸਾਲ ਵਜੋਂ ਇੱਕ ਖ਼ਾਸ ਵਿਦੇਸ਼ੀ ਸ਼ਰਾਬ ਦੀ ਬੋਤਲ ਦੀ ਕੀਮਤ ਚੰਡੀਗੜ੍ਹ ਹਵਾਈ ਅੱਡੇ ‘ਤੇ 2200 ਰੁਪਏ ਹੈ, ਪਰ ਇਸੇ ਬਰਾਂਡ ਦੀ ਮੁੰਬਈ ਵਿਚ ਕੀਮਤ ਛੇ ਹਜ਼ਾਰ ਰੁਪਏ ਹੈ। ਇਸ ਤਰ੍ਹਾਂ ਇੱਕ ਹੋਰ ਪ੍ਰਸਿੱਧ ਬਰਾਂਡ ਦੀ ਚੰਡੀਗੜ੍ਹ ਹਵਾਈ ਅੱਡੇ ‘ਤੇ ਕੀਮਤ 4300 ਰੁਪਏ ਤੇ ਚੇਨੱਈ ਵਿਚ 9500 ਰੁਪਏ ਹੈ। ਇੱਕ ਯਾਤਰੀ ਉਡਾਣ ਸਮੇਂ ਘਰੇਲੂ ਹਵਾਈ ਅੱਡੇ ਤੋਂ ਸ਼ਰਾਬ ਦੀਆਂ ਚਾਰ ਬੋਤਲਾਂ ਲਿਜਾ ਸਕਦਾ ਹੈ। ਮਹਿਕਮੇ ਨੇ ਇਹ ਗੱਲ ਨੋਟਿਸ ਕੀਤੀ ਕਿ ਕੁਝ ਲੋਕ ਇੱਥੋਂ ਘਰੇਲੂ ਉਡਾਣ ਰਾਹੀਂ ਚਾਰ ਬੋਤਲਾਂ ਸ਼ਰਾਬ ਲਿਜਾ ਕੇ ਹੋਰਨਾਂ ਸੂਬਿਆਂ ‘ਚ ਮਹਿੰਗੇ ਭਾਅ ਵੇਚਣ ਮਗਰੋਂ ਵਾਪਸ ਆ ਜਾਂਦੇ ਹਨ। ਇਹ ਕਮਾਈ ਟਿਕਟ ਦੇ ਖਰਚੇ ਮਗਰੋਂ ਵੀ ਚੰਗਾ ਮੁਨਾਫਾ ਦੇ ਰਹੀ ਸੀ। ਆਬਕਾਰੀ ਵਿਭਾਗ ਨੇ ਦੇਖਿਆ ਕਿ ਮੁਹਾਲੀ ਅਤੇ ਅੰਮ੍ਰਿਤਸਰ ਦੇ ਦੋਵੇਂ ਹਵਾਈ ਅੱਡਿਆਂ ‘ਤੇ ਸਾਲਾਨਾ ਯਾਤਰੀਆਂ ਦੀ ਆਵਾਜਾਈ 60 ਲੱਖ ਤੋਂ ਵੱਧ ਹੈ ਤੇ ਬਹੁਤ ਸਾਰੇ ਯਾਤਰੀ ਇਨ੍ਹਾਂ ਹਵਾਈ ਅੱਡਿਆਂ ਤੋਂ ਸ਼ਰਾਬ ਖ਼ਰੀਦਦੇ ਹਨ। ਮਹਿਕਮੇ ਦੇ ਅਧਿਕਾਰੀ ਆਖਦੇ ਹਨ ਕਿ ਹਵਾਈ ਅੱਡਿਆਂ ‘ਤੇ ਸ਼ਰਾਬ ਦੀ ਵਿਕਰੀ ਕਾਫ਼ੀ ਚੰਗੀ ਹੈ, ਜਿਸ ਕਰ ਕੇ ਸਰਕਾਰ ਨੇ ਲਾਇਸੈਂਸ ਫ਼ੀਸ ਵਧਾਉਣ ਦਾ ਫ਼ੈਸਲਾ ਕੀਤਾ ਹੈ।

Related Articles

Stay Connected

0FansLike
3,797FollowersFollow
20,800SubscribersSubscribe
- Advertisement -spot_img

Latest Articles