#PUNJAB

ਪੰਜਾਬ ਸਰਕਾਰ ਵੱਲੋਂ ਦਸ ਵਰ੍ਹਿਆਂ ਮਗਰੋਂ ਪਾਵਰਕੌਮ ਨੂੰ ਸਬਸਿਡੀ ਦਾ ਪੂਰਾ ਭੁਗਤਾਨ

ਪਹਿਲੀ ਵਾਰ ‘ਆਪ’ ਨੇ ਪੂਰਾ ਬਿੱਲ 20,200 ਕਰੋੜ ਰੁਪਏ ਦਿੱਤਾ
ਚੰਡੀਗੜ੍ਹ, 8 ਅਪ੍ਰੈਲ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਲੰਘੇ 26 ਵਰ੍ਹਿਆਂ ‘ਚ ਸਵਾ ਲੱਖ ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ। ਜਦੋਂ ਪਹਿਲੀ ਦਫ਼ਾ ਖੇਤੀ ਸੈਕਟਰ ਨੂੰ ਮੁਫ਼ਤ ਬਿਜਲੀ ਦੇਣੀ ਸ਼ੁਰੂ ਕੀਤੀ ਸੀ, ਤਾਂ ਉਦੋਂ 1997-98 ਵਿਚ ਬਿਜਲੀ ਸਬਸਿਡੀ ਦਾ ਪਹਿਲਾਂ ਬਿੱਲ 604.57 ਕਰੋੜ ਰੁਪਏ ਦਾ ਬਣਿਆ ਸੀ। ਹੁਣ ਢਾਈ ਦਹਾਕੇ ਮਗਰੋਂ ਵਰ੍ਹਾ 2022-23 ਵਿਚ ਬਿਜਲੀ ਸਬਸਿਡੀ ਦਾ ਬਿੱਲ 20,200 ਕਰੋੜ ਰੁਪਏ ਬਣਿਆ ਹੈ। ਇਨ੍ਹਾਂ ਵਰ੍ਹਿਆਂ ਵਿਚ ਬਿਜਲੀ ਸਬਸਿਡੀ ਦਾ ਬੋਝ 208 ਗੁਣਾ ਵਧਿਆ ਹੈ। ਜ਼ੀਰੋ ਬਿੱਲਾਂ ਕਾਰਨ ਬਿਜਲੀ ਸਬਸਿਡੀ ਦੇ ਭਾਰ ‘ਚ ਹੋਰ ਵਾਧਾ ਹੋਇਆ ਹੈ।
ਕਰੀਬ ਦਸ ਵਰ੍ਹਿਆਂ ਮਗਰੋਂ ਪਹਿਲੀ ਦਫ਼ਾ ‘ਆਪ’ ਸਰਕਾਰ ਨੇ ਪਾਵਰਕੌਮ ਨੂੰ ਬਿਜਲੀ ਸਬਸਿਡੀ ਦਾ ਪੂਰਾ ਬਿੱਲ 20,200 ਕਰੋੜ ਰੁਪਏ ਦਿੱਤਾ ਹੈ। 2012-13 ਮਗਰੋਂ ਕਿਸੇ ਵਰ੍ਹੇ ਵੀ ਕਿਸੇ ਵੀ ਸਰਕਾਰ ਨੇ ਪਾਵਰਕੌਮ ਨੂੰ ਸਬਸਿਡੀ ਦਾ ਪੂਰਾ ਬਿੱਲ ਨਹੀਂ ਦਿੱਤਾ ਸੀ। ਇਹ ਬਕਾਇਆ ਬਿੱਲ ਇਕੱਠਾ ਹੋ ਕੇ 9020 ਕਰੋੜ ਨੂੰ ਛੂਹ ਗਿਆ ਹੈ। ‘ਆਪ’ ਸਰਕਾਰ ਅੱਗੇ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣਾ ਵਿੱਤੀ ਤੌਰ ‘ਤੇ ਵੱਡੀ ਚੁਣੌਤੀ ਸੀ। ਸਰਕਾਰ ਨੇ ਆਪਣੇ ਪਹਿਲੇ ਵਰ੍ਹੇ ਪੂਰੀ ਸਬਸਿਡੀ ਜਾਰੀ ਕੀਤੀ ਹੈ। ਅੰਕੜੇ ਗਵਾਹ ਹਨ ਕਿ ਸਰਕਾਰੀ ਖ਼ਜ਼ਾਨੇ ‘ਤੇ ਸਭ ਤੋਂ ਵੱਡਾ ਭਾਰ ਬਿਜਲੀ ਸਬਸਿਡੀ ਦਾ ਬਣਦਾ ਹੈ। ਪੰਜਾਬ ਸਰਕਾਰ ਨੇ 1997-98 ਤੋਂ ਹੁਣ ਤੱਕ 1,25,698 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਹੈ।
ਪੰਜਾਬ ਸਰਕਾਰ ਨੇ 2002-03 ਤੋਂ ਐੱਸ.ਸੀ./ਬੀ.ਸੀ. ਅਤੇ ਬੀ.ਪੀ.ਐੱਲ. ਲਈ 50 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਸਾਲਾਨਾ ਦੇਣੀ ਸ਼ੁਰੂ ਕੀਤੀ ਸੀ। ਇਸ ਸਮੇਂ ਤੋਂ ਹੁਣ ਤੱਕ ਇਨ੍ਹਾਂ ਵਰਗਾਂ ਨੂੰ 25,036 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਸਰਕਾਰ ਨੇ 2016-17 ਤੋਂ ਸਨਅਤੀ ਸੈਕਟਰ ਨੂੰ ਸਬਸਿਡੀ ਦੇਣੀ ਸ਼ੁਰੂ ਕੀਤੀ ਅਤੇ ਸਨਅਤੀ ਖੇਤਰ ਨੂੰ ਹੁਣ ਤੱਕ 11,352 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਜਾ ਚੁੱਕੀ ਹੈ। ਸਭ ਤੋਂ ਵੱਧ ਬਿਜਲੀ ਸਬਸਿਡੀ ਖੇਤੀ ਸੈਕਟਰ ਨੂੰ 84,616 ਕਰੋੜ ਦੀ ਦਿੱਤੀ ਗਈ ਹੈ। ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਵਿਚ ਲੰਘੇ 26 ਵਰ੍ਹਿਆਂ ਦੌਰਾਨ 140 ਗੁਣਾ ਵਾਧਾ ਹੋਇਆ ਹੈ।
ਪੰਜਾਬ ਵਿਚ 14.50 ਲੱਖ ਟਿਊਬਵੈੱਲ ਕੁਨੈਕਸ਼ਨ ਹਨ ਅਤੇ ਇਨ੍ਹਾਂ ਵਿਚੋਂ 1.83 ਲੱਖ ਖ਼ਪਤਕਾਰਾਂ ਦੇ ਦੋ ਜਾਂ ਦੋ ਤੋਂ ਜ਼ਿਆਦਾ ਕੁਨੈਕਸ਼ਨ ਹਨ। ਇਸ ਵੇਲੇ ਕਰੀਬ 28 ਫ਼ੀਸਦੀ ਬਿਜਲੀ ਸਬਸਿਡੀ ਤਾਂ ਧਨਾਢ ਕਿਸਾਨ ਹੀ ਲੈ ਰਹੇ ਹਨ।

Leave a comment