#PUNJAB

ਪੰਜਾਬ ਸਰਕਾਰ ਵੱਲੋਂ ਈ.ਡੀ. ਦੀ ਰਿਪੋਰਟ ਨੂੰ ਆਧਾਰ ਬਣਾ ਕੇ ਖਹਿਰਾ ਖ਼ਿਲਾਫ਼ ਜਾਂਚ ਦੀ ਯੋਜਨਾ

ਚੰਡੀਗੜ੍ਹ, 11 ਅਕਤੂਬਰ (ਪੰਜਾਬ ਮੇਲ)- ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਨਸ਼ਾ ਤਸਕਰੀ ਕੇਸ ‘ਚ ਪੰਜਾਬ ਸਰਕਾਰ ਹੁਣ ਈ.ਡੀ. ਦੀ ਰਿਪੋਰਟ ਨੂੰ ਆਧਾਰ ਬਣਾ ਕੇ ਉਨ੍ਹਾਂ ਖ਼ਿਲਾਫ਼ ਜਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਨੂੰ ਪੀ.ਐੱਮ.ਐੱਲ.ਏ. ਤਹਿਤ ਕੇਸ ‘ਚ ਈ.ਡੀ. ਵੱਲੋਂ ਤਿਆਰ 80 ਪੇਜਾਂ ਦੀ ਜਾਂਚ ਰਿਪੋਰਟ ਘੋਖਣ ਲਈ ਆਖਿਆ ਹੈ।
ਈ.ਡੀ. ਦੀ ਰਿਪੋਰਟ ‘ਚ ਮਿਲੇ ਤੱਥਾਂ ਦੀ ਪੁਸ਼ਟੀ ਅਤੇ ਮੁੜ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਨੇ ਜਲਾਲਾਬਾਦ ਦੀ ਇਕ ਅਦਾਲਤ ਤੋਂ ਖਹਿਰਾ ਦਾ 2 ਦਿਨਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਸੁਖਪਾਲ ਖਹਿਰਾ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲਿਸ ਰਿਮਾਂਡ ਤਹਿਤ ਉਹ ਨਾਭਾ ਜੇਲ੍ਹ ‘ਚ ਬੰਦ ਹਨ। ਅਧਿਕਾਰੀ ਨੇ ਕਿਹਾ ਕਿ ਈ.ਡੀ. ਦੀ ਰਿਪੋਰਟ ‘ਚ ਵਿਧਾਇਕ ਸੁਖਪਾਲ ਖਹਿਰਾ, ਗੁਰਦੇਵ ਸਿੰਘ, ਖਹਿਰਾ ਦੇ ਪੀ.ਏ. ਅਤੇ ਪੀ.ਐੱਸ.ਓ. ਜੋਗਾ ਸਿੰਘ ਅਤੇ ਚਰਨਜੀਤ ਕੌਰ ਦਰਮਿਆਨ ਫੋਨ ‘ਤੇ ਸੰਪਰਕ ਹੋਣ ਦੀ ਗੱਲ ਕਹੀ ਗਈ ਹੈ।
ਰਿਪੋਰਟ ‘ਚ ਜ਼ਿਕਰ ਕੀਤਾ ਗਿਆ ਹੈ ਕਿ ਗੁਰਦੇਵ ਸਿੰਘ ਵੱਲੋਂ ਕੀਤੇ ਅਪਰਾਧ ‘ਚ ਵਿਧਾਇਕ ਕਿਸ ਤਰ੍ਹਾਂ ਸ਼ਾਮਲ ਸੀ ਅਤੇ ਬਾਅਦ ‘ਚ ਕਿਵੇਂ ਉਸ ਨੇ ਵਿਧਾਇਕ ਦੀ ਚੋਣ ਮੁਹਿੰਮ ਦਾ ਖ਼ਰਚਾ ਸਹਿਣ ਕੀਤਾ। ਹਾਲਾਂਕਿ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਨੂੰ ਕੇਸ ‘ਚ ਝੂਠਾ ਫਸਾਇਆ ਗਿਆ ਹੈ।

Leave a comment