#PUNJAB

ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਬਣਦੇ ਬਕਾਏ ਤੁਰੰਤ ਦੇਵੇ

ਪਟਿਆਲਾ, 1 ਅਕਤੂਬਰ (ਪੰਜਾਬ ਮੇਲ)- ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਜੀ.ਪੀ. ਸਿੰਘ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਬਕਾਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਦੇਣ ਦੀ ਅਪੀਲ ਕੀਤੀ ਗਈ। ਮੈਂਬਰਾਂ ਨੇ ਅੱਗੋਂ ਕਿਹਾ ਕਿ ਜੇਕਰ ਸਰਕਾਰ ਨੇ ਫ਼ੈਸਲੇ ਨੂੰ ਜਲਦੀ ਤੋਂ ਜਲਦੀ ਲਾਗੂ ਨਾ ਕੀਤਾ, ਤਾਂ ਪੰਜਾਬ ਸਰਕਾਰ ਨੂੰ ਇਸ ਦਾ ਇਵਜ਼ਾਨਾ ਪੰਚਾਇਤਾਂ ਅਤੇ ਨਗਰ ਨਿਗਮਾਂ, ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਤੋਂ ਇਲਾਵਾ ਪੈਨਸ਼ਨਰਾਂ ਦੇ ਇਲਾਜ ਲਈ ਵੀ ਸੌਖੇ ਤੇ ਪੁਖਤਾ ਪ੍ਰਬੰਧ ਕੀਤੇ ਜਾਣ ਕਿਉਂਕਿ ਸਰਕਾਰੀ ਹਸਪਤਾਲਾਂ ਵਿਚ ਉਤਨੇ ਯੋਗ ਪ੍ਰਬੰਧ ਨਹੀਂ ਹੁੰਦੇ। ਪੈਨਸ਼ਨਰਾਂ ਦੀ ਵਡੇਰੀ ਉਮਰ ਕਰਕੇ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ ਹਨ।
ਇਸ ਮੀਟਿੰਗ ਵਿਚ ਸੁਰਜੀਤ ਸਿੰਘ ਦੁੱਖੀ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਆਪਣੇ ਜੀਵਨ ਦੌਰਾਨ ਹੋਏ ਖੱਟੇ-ਮਿੱਠੇ ਤਜ਼ਰਬਿਆਂ ਬਾਰੇ ਜਾਣਕਾਰੀ ਦਿੱਤੀ। ਅਸ਼ੋਕ ਸ਼ਰਮਾ ਅਤੇ ਪਾਲ ਸਿੰਘ ਦੇ ਜਨਮ ਦਿਨ ਕੇਕ ਕੱਟਕੇ ਮਨਾਏ ਗਏ। ਇਸ ਮੌਕੇ ‘ਤੇ ਸੁਰਜੀਤ ਸਿੰਘ ਸੈਣੀ ਪ੍ਰਧਾਨ, ਉਜਾਗਰ ਸਿੰਘ, ਸੁਰਜੀਤ ਸਿੰਘ ਦੁੱਖੀ, ਜੈ ਕ੍ਰਿਸ਼ਨ ਕਸ਼ਯਪ, ਪਰਮਜੀਤ ਕੌਰ ਸੋਢੀ, ਅਸ਼ੋਕ ਕੁਮਾਰ ਸ਼ਰਮਾ, ਸ਼ਾਮ ਸੁੰਦਰ , ਨਰਾਤਾ ਸਿੰਘ ਸਿੱਧੂ, ਨਵਲ ਕਿਸ਼ੋਰ, ਪਰਮਜੀਤ ਸਿੰਘ ਸੇਠੀ, ਬਿਮਲ ਕੁਮਾਰ ਚਕੋਤਰਾ, ਜੀ.ਪੀ. ਸਿੰਘ, ਜੀ.ਆਰ. ਕੁਮਰਾ, ਪਾਲ ਸਿੰਘ ਅਤੇ ਰਾਜ ਕੁਮਾਰ ਸ਼ਾਮਲ ਹੋਏ।