#PUNJAB

ਪੰਜਾਬ ਲਈ ਮੁੜ ਖ਼ਤਰੇ ਦੀ ਘੰਟੀ, ਪੌਂਗ ਡੈਮ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ

ਹੁਸ਼ਿਆਰਪੁਰ / ਨਡਾਲਾ, 25 ਅਗਸਤ (ਪੰਜਾਬ ਮੇਲ)-ਹਿਮਾਚਲ ਪ੍ਰਦੇਸ਼ ‘ਚ ਪੈ ਰਹੇ ਮੀਂਹ ਨੇ ਪੰਜਾਬ ਦੀ ਚਿੰਤਾ ਮੁੜ ਵਧਾ ਦਿੱਤੀ ਹੈ। ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਰੋਪੜ ਜ਼ਿਲ੍ਹੇ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਉੱਚਾ ਹੋ ਗਿਆ ਹੈ, ਜਦਕਿ ਹਰੀਕੇ ਹੈੱਡ ਤੋਂ ਲਹਿੰਦੇ ਪਾਸੇ ਵੱਲ ਟੁੱਟੇ ਹੋਏ ਧੁੱਸੀ ਬੰਨ੍ਹ ਕਾਰਨ ਕਈ ਪਿੰਡ ਪਹਿਲਾਂ ਹੀ ਪਾਣੀ ਵਿੱਚ ਘਿਰੇ ਹੋਏ ਹਨ। ਹਰੀਕੇ ਹੈੱਡ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।

ਪਤ ਜਾਣਕਾਰੀ ਅਨੁਸਾਰ ਪਹਿਲਾਂ ਭਾਖੜਾ ਦੇ ਪਾਣੀ ਦਾ ਪੱਧਰ ਖ਼ਤਰੇ ਤੋਂ 8 ਫੁੱਟ ਤੱਕ ਘੱਟ ਗਿਆ ਸੀ, ਪਰ ਹੁਣ ਇਹ ਮੁੜ 1680 ਫੁੱਟ ਦੇ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ, ਜਿਸ ਤੋਂ ਬਾਅਦ ਭਾਖੜਾ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਵਿੱਚ ਅੱਜ ਪਾਣੀ ਦਾ ਪੱਧਰ 1673 ਫੁੱਟ ਕਰੀਬ ਹੈ। ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ 4 ਫੁੱਟ ਤੱਕ ਖੁੱਲ੍ਹਾ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 52810 ਕਿਊਸਿਕ ਦਰਜ ਕੀਤੀ ਗਈ ਹੈ। ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 41143 ਕਿਊਸਿਕ ਅਤੇ ਫਲੱਡ ਗੇਟਾਂ ਰਾਹੀਂ 15358 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹਲਕਾ ਭੁਲੱਥ ਦੇ ਧੁੱਸੀ ਬੰਨ੍ਹ ਨਾਲ ਲੱਗਦੇ ਮੰਡ ਖੇਤਰ ’ਚ ਬਿਆਸ ਦਰਿਆ ’ਚ ਆਏ ਹੜ੍ਹ ਕਾਰਨ ਇਕ ਵਾਰ ਫਿਰ ਪਾਣੀ ਵਧਣ ਲੱਗਾ ਹੈ, ਜਿਸ ਕਰ ਕੇ ਬੇਘਰ ਹੋਏ ਲੋਕਾਂ ਦੀਆਂ ਮੁੜ ਚਿੰਤਾਵਾਂ ਵੱਧ ਗਈਆਂ ਹਨ। ਦੱਸ ਦੇਈਏ ਕਿ ਬੀਤੀ 15 ਅਗਸਤ ਦੀ ਰਾਤ 11 ਵਜੇ ਪੌਂਗ ਡੈਮ ’ਚ ਪਾਣੀ ਛੱਡਣ ਨਾਲ ਬਿਆਸ ਦਰਿਆ ’ਚ ਹੜ੍ਹ ਆ ਗਿਆ ਸੀ, ਜਿਸ ਨਾਲ ਭੁਲੱਥ ਦੇ ਧੁੱਸੀ ਬੰਨ੍ਹ ਨਾਲ ਲੱਗਦੇ 15 ਪਿੰਡ ਪ੍ਰਭਾਵਿਤ ਹੋਏ ਸਨ। ਇਸ ਆਏ ਹੜ੍ਹ ਦੇ ਪਾਣੀ ਨੇ ਜਿੱਥੇ ਲੋਕਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ, ਉੱਥੇ ਇਸ ਪਾਣੀ ’ਚ ਰੁੜ੍ਹ ਜਾਣ ਕਾਰਨ ਪਿੰਡ ਮੰਡ ਕੂਕਾ ਦੇ ਲਾਪਤਾ ਹੋਏ ਇਕ ਵਿਅਕਤੀ ਦਾ 10 ਦਿਨ ਬੀਤ ਜਾਣ ’ਤੇ ਕੋਈ ਪਤਾ ਨਹੀਂ ਲੱਗਾ, ਨੰਗਲ ਲੁਬਾਣਾ ਦੇ 2 ਵਿਅਕਤੀਆਂ ਤੇ ਧਾਲੀਵਾਲ ਬੇਟ ਦੇ 1 ਵਿਅਕਤੀ ਦੀ ਮੌਤ ਵੀ ਹੋਈ। ਇਸ ਤੋਂ ਇਲਾਵਾ ਮੰਡ ਇਬਰਾਹੀਮਵਾਲ ਤੇ ਕੂਕਾ ’ਚ 3 ਘਰਾਂ ਦਾ ਵੀ ਨੁਕਸਾਨ ਹੋਇਆ ਹੈ। ਇਸ ਸਬੰਧੀ ਡਰੇਨ ਵਿਭਾਗ ਦੇ ਐੱਸ. ਡੀ. ਓ. ਖੁਸ਼ਵਿੰਦਰ ਤੇ ਜੇ. ਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਾੜਾਂ ’ਚ ਮੀਂਹ ਪੈਣ ਨਾਲ ਪਾਣੀ ਵਧਿਆ ਹੈ ਤੇ ਬੀਤੇ ਦਿਨ ਬਿਆਸ ਦਰਿਆ ਢਿਲਵਾਂ ਖੇਤਰ ਵਿਚ 1 ਲੱਖ 39 ਹਜ਼ਾਰ ਕਿਊਸਕ ਪਾਣੀ ਚੱਲ ਰਿਹਾ ਸੀ।

Leave a comment