#PUNJAB

ਪੰਜਾਬ ਭਾਜਪਾ ‘ਚ ‘ਨਵੇਂ ਤੇ ਪੁਰਾਣੇ’ ਚਿਹਰਿਆਂ ਨੂੰ ਲੈ ਕੇ ਖਿੱਚੋਤਾਣ

-ਟਕਸਾਲੀ ਨੇਤਾਵਾਂ ਨੇ ਪਾਰਟੀ ਦੇ ਰਵੱਈਏ ‘ਤੇ ਖੜ੍ਹੇ ਕੀਤੇ ਸਵਾਲ
ਜਲੰਧਰ, 25 ਸਤੰਬਰ (ਪੰਜਾਬ ਮੇਲ)- ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਅੰਦਰ ਇਨ੍ਹੀਂ ਦਿਨੀਂ ‘ਨਵੇਂ ਤੇ ਪੁਰਾਣੇ’ ਚਿਹਰਿਆਂ ਨੂੰ ਲੈ ਕੇ ਖ਼ੂਬ ਖਿੱਚੋਤਾਣ ਚੱਲ ਰਹੀ ਹੈ। ਇੰਪੋਰਟਿਡ ਅਤੇ ਨਵੇਂ ਲੋਕ ਪਾਰਟੀ ‘ਚ ਅਹਿਮ ਅਹੁਦੇ ਵੇਖ ਰਹੇ ਹਨ ਤਾਂ ਪਾਰਟੀ ਲਈ ਜੀਅ-ਜਾਨ ਲਾਉਣ ਵਾਲੇ ‘ਆਪਣੀ ਜਗ੍ਹਾ’ ਲੱਭ ਰਹੇ ਹਨ। ਇਸ ਖਿੱਚੋਤਾਣ ਵਿਚਾਲੇ ਇਸ ਵੇਲੇ ਪਾਰਟੀ ਅੰਦਰ ਬੇਹੱਦ ਅਜੀਬ ਸਥਿਤੀ ਬਣੀ ਹੋਈ ਹੈ। ਪਾਰਟੀ ‘ਚ ਸਾਲਾਂ ਤੱਕ ਕੰਮ ਕਰਨ ਦੇ ਬਾਵਜੂਦ ਹੁਣ ਇੰਪੋਰਟਿਡ ਭਾਜਪਾਈਆਂ ਨੂੰ ਅਹਿਮ ਅਹੁਦੇ ਦਿੱਤੇ ਜਾਣ ਦਾ ਮਾਮਲਾ ਭਾਜਪਾ ‘ਚ ਤੂਲ ਫੜਦਾ ਜਾ ਰਿਹਾ ਹੈ। ਖ਼ਬਰ ਮਿਲੀ ਹੈ ਕਿ ਪਾਰਟੀ ਵਿਚ ਬਾਹਰਲੇ ਲੋਕਾਂ ਦੀ ਐਂਟਰੀ ‘ਤੇ ਸੰਗਰੂਰ ‘ਚ ਇਕ ਬੈਠਕ ਹੋਈ ਸੀ, ਜਿਸ ਵਿਚ ਟਕਸਾਲੀ ਭਾਜਪਾ ਨੇਤਾਵਾਂ ਨੇ ਪਾਰਟੀ ਦੇ ਰਵੱਈਏ ‘ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਦੌਰਾਨ ਨੇਤਾਵਾਂ ਤੇ ਵਰਕਰਾਂ ਨੇ ਦਾਗੀ ਲੋਕਾਂ ਦੇ ਪਾਰਟੀ ਵਿਚ ਆਉਣ ਅਤੇ ਉਨ੍ਹਾਂ ਨੂੰ ਸੁਰੱਖਿਆ ਤੇ ਅਹਿਮ ਅਹੁਦੇ ਦਿੱਤੇ ਜਾਣ ‘ਤੇ ਇਤਰਾਜ਼ ਪ੍ਰਗਟ ਕੀਤਾ ਸੀ।
ਪੰਜਾਬ ‘ਚ ਭਾਜਪਾ ਅੰਦਰ ਚੱਲ ਰਹੀ ਇਸ ਪੂਰੀ ਸਥਿਤੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਪਾਰਟੀ ਦੇ ਬੇਹੱਦ ਨਜ਼ਦੀਕੀ ਵਰਕਰ ਵਿਰੋਧ ਦੇ ਸੁਰ ਕੱਢਣ ਲੱਗੇ ਹਨ। ਇਸ ਸਬੰਧੀ ਇਕ ਆਡੀਓ ਵਾਇਰਲ ਹੋ ਰਹੀ ਹੈ, ਜੋ ਜਲੰਧਰ ਦੇ ਇਕ ਯੁਵਾ ਨੇਤਾ ਦੀ ਦੱਸੀ ਜਾ ਰਹੀ ਹੈ। ਇਸ ਨੇਤਾ ਵੱਲੋਂ ਕਿਹਾ ਗਿਆ ਹੈ ਕਿ ਭਾਜਪਾ ਵਿਚ ਇੰਨੇ ਸਾਲਾਂ ਤੱਕ ਕੰਮ ਕਰਨ ਵਾਲੇ ਵਰਕਰ ਕੀ ਇੰਨੇ ਸਮਰੱਥ ਨਹੀਂ ਕਿ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਣ?
ਮਾਈਨਿੰਗ ‘ਤੇ ਚਰਚਾ ‘ਚ ਰਹੇ ਯੁਵਾ ਨੇਤਾ ਨੂੰ ਵੀ ਇੰਪੋਰਟ ਕਰਨ ਦੀ ਤਿਆਰੀ
ਸ਼ੁੱਕਰਵਾਰ ਨੂੰ ਪੰਜਾਬ ਯੂਥ ਕਾਂਗਰਸ ਦੇ ਉੱਪ-ਪ੍ਰਧਾਨ ਅਕਸ਼ੈ ਸ਼ਰਮਾ ਭਾਜਪਾ ‘ਚ ਸ਼ਾਮਲ ਹੋ ਗਏ ਪਰ ਹੁਣ ਇਹ ਸੂਚੀ ਹੋਰ ਲੰਮੀ ਹੁੰਦੀ ਨਜ਼ਰ ਆ ਰਹੀ ਹੈ। ਪਤਾ ਲੱਗਾ ਹੈ ਕਿ ਪੰਜਾਬ ‘ਚ ਯੂਥ ਕਾਂਗਰਸ ਦਾ ਇਕ ਹੋਰ ਵੱਡਾ ਨੇਤਾ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਹੈ, ਜਿਸ ਦੇ ਨਾਂ ‘ਤੇ ਭਾਜਪਾ ਦੇ ਵਰਕਰ ਕਾਫ਼ੀ ਇਤਰਾਜ਼ ਕਰ ਰਹੇ ਹਨ ਕਿਉਂਕਿ ਮਾਈਨਿੰਗ ਨੂੰ ਲੈ ਕੇ ਇਹ ਨੇਤਾ ਕਾਫ਼ੀ ਬਦਨਾਮ ਰਿਹਾ ਹੈ। ਉਂਝ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਹਨ ਕਿ ਭਾਜਪਾ ਸੂਬਾ ਯੁਵਾ ਮੋਰਚਾ ਪ੍ਰਧਾਨ ਦੇ ਅਹੁਦੇ ‘ਤੇ ਅਕਸ਼ੈ ਸ਼ਰਮਾ ਜਾਂ ਇਸ ‘ਸੰਭਾਵਤ ਇੰਪੋਰਟ ਪ੍ਰੋਡਕਟ’ ਦੇ ਨਾਂ ‘ਤੇ ਮੋਹਰ ਲੱਗ ਸਕਦੀ ਹੈ।

Leave a comment