15.5 C
Sacramento
Monday, September 25, 2023
spot_img

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼

-6 ਕਿਲੋ ਹੈਰੋਇਨ, 1.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਵਿਅਕਤੀ ਕਾਬੂ
ਚੰਡੀਗੜ੍ਹ/ਅੰਮ੍ਰਿਤਸਰ, 3 ਅਗਸਤ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 6 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਡੀ.ਜੀ.ਪੀ., ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸ਼ਿੰਦਰ ਸਿੰਘ ਵਾਸੀ ਪਿੰਡ ਬੂਟੇ ਦੀਆਂ ਛੰਨਾਂ ਮਹਿਤਪੁਰ, ਜਲੰਧਰ ਵਜੋਂ ਹੋਈ ਹੈ। ਮੁਲਜ਼ਮ ਨਸ਼ਾ ਤਸਕਰ ਹੈ ਅਤੇ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਦੋ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਸੀ।
ਡੀ.ਜੀ.ਪੀ. ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ.) ਅੰਮ੍ਰਿਤਸਰ ਨੂੰ ਸੂਹ ਮਿਲੀ ਸੀ ਕਿ ਮੁਲਜ਼ਮ ਸ਼ਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਹਾਲ ਹੀ ਵਿਚ ਪਾਕਿਸਤਾਨ ਆਧਾਰਿਤ ਤਸਕਰਾਂ ਅਤੇ ਏਜੰਸੀਆਂ ਵੱਲੋਂ ਫਿਰੋਜ਼ਪੁਰ ਖੇਤਰ ਦੇ ਦਰਿਆਈ ਰਸਤੇ ਰਾਹੀਂ ਭਾਰਤੀ ਖੇਤਰ ‘ਚ ਭੇਜੀ ਗਈ ਹੈਰੋਇਨ ਦੀ ਵੱਡੀ ਖੇਪ ਪ੍ਰਾਪਤ ਕੀਤੀ ਸੀ ਅਤੇ ਉਹ (ਸ਼ਿੰਦਰ ਤੇ ਹੋਰ) ਉਕਤ ਖੇਪ ਨੂੰ ਖ਼ਰੀਦਦਾਰ ਧਿਰ (ਪਾਰਟੀ) ਤੱਕ ਪਹੁੰਚਾਉਣ ਲਈ ਅੰਮ੍ਰਿਤਸਰ ਦੇ ਆਲੇ-ਦੁਆਲੇ ਮੌਜੂਦ ਹਨ।
ਉਨ੍ਹਾਂ ਦੱਸਿਆ ਕਿ ਫੌਰੀ ਕਾਰਵਾਈ ਕਰਦਿਆਂ, ਐੱਸ.ਐੱਸ.ਓ.ਸੀ. ਅੰਮ੍ਰਿਤਸਰ ਦੀ ਵਿਸ਼ੇਸ਼ ਪੁਲਿਸ ਟੀਮ ਨੇ ਇੱਕ ਆਪ੍ਰੇਸ਼ਨ ਆਰੰਭਿਆ ਅਤੇ ਯੋਜਨਾਬੱਧ ਤਰੀਕੇ ਨਾਲ ਇਲਾਕੇ ਦੀ ਘੇਰਾਬੰਦੀ ਕਰਕੇ ਦੋਸ਼ੀ ਸ਼ਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ।
ਮੁੱਢਲੀ ਤਫ਼ਤੀਸ਼ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਏ.ਆਈ.ਜੀ. ਐੱਸ.ਐੱਸ.ਓ.ਸੀ. ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਸੈਕਟਰ ਵਿਚ, ਪਾਕਿ ਆਧਾਰਿਤ ਤਸਕਰਾਂ ਨੇ ਹੜ੍ਹਾਂ ਕਾਰਨ ਦਰਿਆ ਦੇ ਕੰਢੇ ਦੇ ਨਾਲੋਂ-ਨਾਲ ਪਏ ਪਾੜ ਨੂੰ ਵਰਤ ਕੇ ਦਰਿਆ ਰਾਹੀਂ ਨਸ਼ਿਆਂ ਦੀ ਖੇਪ ਦੀ ਤਸਕਰੀ ਕੀਤੀ।
ਉਨ੍ਹਾਂ ਕਿਹਾ ਕਿ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗਰੁੱਪ ਦੇ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਨੂੰ ਤਰਕਪੂਰਨ ਸਿੱਟੇ ਤੱਕ ਪਹੁੰਚਾਉਣ ਲਈ ਉਕਤ ਵਿਅਕਤੀਆਂ ਨਾਲ ਸਬੰਧੀ ਸਭ ਅਗਲੀਆਂ-ਪਿਛਲੀਆਂ ਕੜੀਆਂ ਜਾਂਚਣ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਥਾਣਾ ਐੱਸ.ਐੱਸ.ਓ.ਸੀ. ਅੰਮ੍ਰਿਤਸਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21, 25 ਅਤੇ 29 ਅਧੀਨ ਮੁਕੱਦਮਾ ਨੰਬਰ 23 ਮਿਤੀ 03.08.2023 ਨੂੰ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਲਿਆ ਜਾਵੇਗਾ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles