#PUNJAB

ਪੰਜਾਬ ਪੁਲਿਸ ਵੱਲੋਂ ਅਮਰੀਕਾ-ਆਧਾਰਿਤ ਪਵਿਤਰ-ਹੁਸਨਦੀਪ ਗੈਂਗ ਦੀ ਹਮਾਇਤ ਪ੍ਰਾਪਤ ਅਪਰਾਧਿਕ Network ਦਾ ਪਰਦਾਫਾਸ਼

-ਪਿਸਤੌਲ, ਫਾਰਚੂਨਰ ਕਾਰ ਸਮੇਤ ਗੈਂਗ ਦੇ ਤਿੰਨ ਮੈਂਬਰ ਕਾਬੂ
-ਗ੍ਰਿਫ਼ਤਾਰ ਵਿਅਕਤੀ ਸੂਬੇ ਵਿਚ ਮਿੱਥ ਕੇ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ: ਡੀ.ਜੀ.ਪੀ. ਗੌਰਵ ਯਾਦਵ
– ਗ੍ਰਿਫ਼ਤਾਰੀ ਤੋਂ ਬਚਣ ਲਈ ਮੁਲਜ਼ਮ ਆਪਣੀ ਅਸਲ ਪਛਾਣ ਛੁਪਾ ਕੇ ਰਹਿ ਰਹੇ ਸਨ ਮੋਹਾਲੀ
ਚੰਡੀਗੜ੍ਹ, 29 ਮਾਰਚ (ਪੰਜਾਬ ਮੇਲ)- ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਟਿੰਗ ਸੈੱਲ (ਐੱਸ.ਐੱਸ.ਓ.ਸੀ.) ਮੋਹਾਲੀ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਅਮਰੀਕਾ-ਆਧਾਰਿਤ ਚੌੜਾ ਮਧਰੇ ਗੈਂਗ ਦੇ ਪਵਿਤਰ ਚੌੜਾ ਅਤੇ ਹੁਸਨਦੀਪ ਸਿੰਘ ਵੱਲੋਂ ਚਲਾਏ ਜਾ ਰਹੇ ਅਪਰਾਧਿਕ ਨੈੱਟਵਰਕ ਦੇ ਤਿੰਨ ਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਉਨ੍ਹਾਂ ਕੋਲੋਂ .30 ਬੋਰ ਚੀਨੀ ਪਿਸਤੌਲ ਸਮੇਤ 15 ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਲਵਜੀਤ ਸਿੰਘ ਉਰਫ਼ ਲਵ ਖੱਖ ਵਾਸੀ ਪਿੰਡ ਖੱਖ ਤਰਨਤਾਰਨ, ਗੁਰਸੇਵਕ ਸਿੰਘ ਉਰਫ਼ ਬੰਬ ਵਾਸੀ ਗੋਇੰਦਵਾਲ ਸਾਹਿਬ ਅਤੇ ਬਹਾਦਰ ਖ਼ਾਨ ਉਰਫ਼ ਖ਼ਾਨ ਭਗੜਾਣਾ ਵਾਸੀ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੀ ਟੋਇਟਾ ਫਾਰਚੂਨਰ ਗੱਡੀ ਵੀ ਜ਼ਬਤ ਕਰ ਲਈ ਹੈ।
ਇਹ ਸਫ਼ਲਤਾ ਐੱਸ.ਏ.ਐੱਸ. ਨਗਰ ਜ਼ਿਲ੍ਹਾ ਪੁਲਿਸ ਵੱਲੋਂ ਇਸੇ ਗਿਰੋਹ ਦੇ ਇੱਕ ਹੋਰ ਮੈਂਬਰ ਗੁਰਇਕਬਾਲ ਸਿੰਘ ਉਰਫ ਰੋਬਿਨ ਦੀ ਹਥਿਆਰਾਂ ਸਮੇਤ ਗ੍ਰਿਫ਼ਤਾਰੀ ਉਪਰੰਤ ਪ੍ਰਾਪਤ ਹੋਈ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਵਿਅਕਤੀ ਕਤਲ, ਇਰਾਦਾ ਕਤਲ, ਡਕੈਤੀ, ਅਸਲਾ ਐਕਟ, ਐੱਨ.ਡੀ.ਪੀ.ਐੱਸ. ਸਮੇਤ ਕਈ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਸਨ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣੀ ਅਸਲ ਪਛਾਣ ਛੁਪਾ ਕੇ ਮੁਹਾਲੀ ਵਿਚ ਰਹਿ ਰਹੇ ਸਨ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰੀ ਕੀਤੇ ਗਏ ਵਿਅਕਤੀ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਗੈਂਗਸਟਰ ਪਵਿੱਤਰ ਚੌੜਾ ਦੇ ਲਗਾਤਾਰ ਸੰਪਰਕ ਵਿਚ ਸਨ ਅਤੇ ਸਰਹੱਦੀ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਮਿੱਥ ਕੇ ਕਤਲ ਦੀ ਘਟਨਾਵਾਂ ਅਤੇ ਹੋਰ ਅਪਰਾਧਿਕ/ਗੈਂਗਸਟਰ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਪਵਿਤਰ ਚੌੜਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ) ਦੇ ਅੱਤਵਾਦੀ ਲਖਬੀਰ ਸਿੰਘ ਲੰਡਾ ਅਤੇ ਉਸਦੇ ਹੋਰ ਮੈਂਬਰਾਂ ਨਾਲ ਮਿਲ ਗਿਆ ਹੈ।
ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ, ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਜੇ ਏਲੈਂਚੇਜ਼ੀਅਨ ਨੇ ਦੱਸਿਆ ਕਿ ਭਰੋਸੇਯੋਗ ਸੂਹ ਮਿਲਣ ਉਪਰੰਤ, ਐੱਸ.ਐੱਸ.ਓ.ਸੀ. ਮੁਹਾਲੀ ਦੀਆਂ ਪੁਲਿਸ ਟੀਮਾਂ ਨੇ ਮੁਹਾਲੀ ਦੇ ਇਕ ਫਲੈਟ, ਜਿੱਥੇ ਉਕਤ ਤਿੰਨੋਂ ਮੁਲਜ਼ਮ ਰਹਿ ਰਹੇ ਸਨ, ਵਿਚ ਛਾਪਾ ਮਾਰ ਕੇ ਇਨ੍ਹਾਂ ਮੁਲਜ਼ਮਾਂ ਨੂੰ ਆਧੁਨਿਕ ਹਥਿਆਰ ਸਮੇਤ ਸਫ਼ਲਤਾਪੂਰਵਕ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਲਵਜੀਤ ਸਿੰਘ ਉਰਫ਼ ਲਵ ਖੱਖ ਭਗੌੜਾ (ਪੀ.ਓ.) ਹੈ, ਜਦਕਿ ਗੁਰਸੇਵਕ ਬੰਬ ਤਰਨਤਾਰਨ ਪੁਲਿਸ ਵੱਲੋਂ ਇਰਾਦਾ ਕਤਲ ਮਾਮਲੇ ਵਿਚ ਲੋੜੀਂਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ।
ਇਸ ਸਬੰਧੀ ਅਸਲਾ ਐਕਟ ਦੀ ਧਾਰਾ 25 ਅਤੇ 25 (7) ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120-ਬੀ ਤਹਿਤ ਥਾਣਾ ਐੱਸ.ਐੱਸ.ਓ.ਸੀ., ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।