#Featured

ਪੰਜਾਬ ਪੁਲਿਸ ਨੇ ਕਾਂਗਰਸੀ ਲੀਡਰ ਗੁਰਸਿਮਰਨ ਮੰਡ ਦੀ ਸੁਰੱਖਿਆ ਘਟਾਈ

ਚੰਡੀਗੜ੍ਹ, 12 ਜੂਨ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਕਾਂਗਰਸੀ ਲੀਡਰ ਗੁਰਸਿਮਰਨ ਮੰਡ ਦੀ ਸੁਰੱਖਿਆ ਘਟਾ ਦਿੱਤੀ ਹੈ। ਇਹ ਕਦਮ ਮੰਡ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਸ਼੍ਰੇਣੀ ਦੀ ਸੁਰੱਖਿਆ ਦੇਣ ਤੋਂ ਬਾਅਦ ਉਠਾਇਆ ਗਿਆ ਹੈ। ਮੰਡ ਨੇ ਇਸ ਉਪਰ ਇਤਰਾਜ਼ ਜਤਾਇਆ ਹੈ। ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਵੀ ਲਿਖਿਆ ਹੈ।
ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. ਸਕਿਉਰਿਟੀ ਦੇ ਹੁਕਮਾਂ ਅਨੁਸਾਰ ਮੰਡ ਨੂੰ ਦਿੱਤੇ ਗਏ ਅੱਠ ਸੁਰੱਖਿਆ ਮੁਲਾਜ਼ਮਾਂ ਵਿਚੋਂ ਛੇ ਸੁਰੱਖਿਆ ਮੁਲਾਜ਼ਮ ਵਾਪਸ ਲੈ ਲਏ ਗਏ ਹਨ। ਪੰਜਾਬ ਸਰਕਾਰ ਵੱਲੋਂ ਗੁਰਸਿਮਰਨ ਸਿੰਘ ਮੰਡ ਨੂੰ ਪਿਛਲੇ ਸਾਲ ਵਿਦੇਸ਼ ਤੋਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਦਿੱਤੀ ਗਈ ਸੀ।
ਦੱਸ ਦਈਏ ਕਿ ਗ੍ਰਹਿ ਮੰਤਰਾਲੇ ਵੱਲੋਂ ਪਿਛਲੇ ਮਹੀਨੇ ਮੰਡ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦੇ ਕੇ 11 ਜਵਾਨ ਦਿੱਤੇ ਗਏ ਸਨ। ਇਸ ਸਬੰਧੀ ਗੁਰਸਿਮਰਨ ਮੰਡ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸੀ.ਆਰ.ਪੀ. ਦੀ ਸੁਰੱਖਿਆ ਮਿਲਣ ਦਾ ਬਹਾਨਾ ਬਣਾ ਕੇ ਗੰਨਮੈਨ ਵਾਪਸ ਲਏ ਹਨ। ਉਨ੍ਹਾਂ ਨੇ ਸੁਰੱਖਿਆ ਘਟਾਉਣ ਬਾਰੇ ਰੋਸ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ।
ਦੱਸ ਦਈਏ ਕਿ ਪੁਲਿਸ ਵੱਲੋਂ ਉਸ ਦੇ ਘਰ ਜਾਣ ਵਾਲੀ ਗਲੀ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ। ਸੁਰੱਖਿਆ ਵਜੋਂ ਘਰ ਦੀ ਗਲੀ ਦੇ ਦੋਹਾਂ ਪਾਸਿਆਂ ‘ਤੇ ਰੇਤੇ ਦੀਆਂ ਬੋਰੀਆਂ ਲਾ ਕੇ ਬੰਕਰ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਸੁਰੱਖਿਆ ਮੁਲਾਜ਼ਮਾਂ ਵੱਲੋਂ ਮੰਡ ਨੂੰ ਕਈ ਮਹੀਨੇ ਘਰ ਵਿਚ ਹੀ ਨਜ਼ਰਬੰਦ ਰੱਖਿਆ ਹੋਇਆ ਹੈ।

Leave a comment