#PUNJAB

– ਪੰਜਾਬ ਪੁਲਿਸ ਦੇ 7 ਪੀਪੀਐਸ ਅਧਿਕਾਰੀਆਂ ਸਮੇਤ 15 ਮੁਲਾਜ਼ਮਾਂ ਨੂੰ ‘ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ’ ਨਾਲ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ, 14 ਅਗਸਤ (ਪੰਜਾਬ ਮੇਲ)- ਪੰਜਾਬ ਸਰਕਾਰ ਦੀਆਂ ਸਿਫ਼ਾਰਸ਼ਾਂ ‘ਤੇ ਪੰਜਾਬ ਦੇ ਰਾਜਪਾਲ ਨੇ ਅੱਜ ਸੁਤੰਤਰਤਾ ਦਿਵਸ-2023 ਮੌਕੇ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਅਤੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲਸ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਲਈ ਨਾਮਜ਼ਦ ਕੀਤੇ ਗਏ 4 ਅਧਿਕਾਰੀਆਂ/ਕਰਮਚਾਰੀਆਂ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਦੋ ਪੀਪੀਐਸ ਅਧਿਕਾਰੀ ਏਆਈਜੀ ਸੰਦੀਪ ਗੋਇਲ ਅਤੇ ਡੀਐਸਪੀ ਬਿਕਰਮ ਬਰਾੜ ਸ਼ਾਮਲ ਹਨ ਅਤੇ ਬਾਕੀ ਦੋ ਮੁਲਾਜ਼ਮਾਂ ਵਿੱਚ ਇੰਸਪੈਕਟਰ ਪੁਸ਼ਵਿੰਦਰ ਸਿੰਘ ਅਤੇ ਕਾਂਸਟੇਬਲ ਨਵਨੀਤ ਸਿੰਘ ਸ਼ਾਮਲ ਹਨ।
ਇਸੇ ਤਰ੍ਹਾਂ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਲਈ ਚੁਣੇ ਗਏ ਅਧਿਕਾਰੀਆਂ/ਕਰਮਚਾਰੀਆਂ ਵਿੱਚ ਸੱਤ ਪੀਪੀਐਸ ਅਧਿਕਾਰੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ, ਏਆਈਜੀ ਜ਼ੋਨਲ ਸੀਆਈਡੀ ਪਟਿਆਲਾ ਆਲਮ ਵਿਜੈ ਸਿੰਘ, ਐਸਪੀ ਇਨਵੈਸਟੀਗੇਸ਼ਨ ਤਰਨਤਾਰਨ ਵਿਸ਼ਾਲਜੀਤ ਸਿੰਘ, ਡੀਐਸਪੀ ਐਸਟੀਐਫ ਲੁਧਿਆਣਾ ਰੇਂਜ ਦਵਿੰਦਰ ਕੁਮਾਰ, ਡੀਐਸਪੀ ਆਪਰੇਸ਼ਨ ਸੰਜੀਵਨ ਗੁਰੂ, ਡੀਐਸਪੀ ਫਲਾਇੰਗ ਸਕੁਐਡ ਵਿਜੀਲੈਂਸ ਬਿਊਰੋ ਬਰਿੰਦਰ ਸਿੰਘ ਅਤੇ ਡੀ.ਐਸ.ਪੀ. ਪੀ.ਏ.ਪੀ. ਟਰੇਨਿੰਗ ਸੈਂਟਰ ਜਲੰਧਰ ਸੁਭਾਸ਼ ਚੰਦਰ ਅਰੋੜਾ ਤੋਂ ਇਲਾਵਾ ਇੰਸਪੈਕਟਰ ਸ਼ਿਵ ਕੁਮਾਰ, ਐਸਆਈ ਗੁਰਿੰਦਰ ਸਿੰਘ, ਐਸਆਈ ਸੁਰੇਸ਼ ਕੁਮਾਰ, ਐਸਆਈ ਅਕਸ਼ੈਦੀਪ ਸਿੰਘ, ਏਐਸਆਈ ਇਕਬਾਲ ਸਿੰਘ, ਏਐਸਆਈ ਹਰਵਿੰਦਰ ਸਿੰਘ, ਏਐਸਆਈ ਦਿਨੇਸ਼ ਕੁਮਾਰ ਅਤੇ ਏਐਸਆਈ ਸੁਰਿੰਦਰਪਾਲ ਸਿੰਘ ਸ਼ਾਮਲ ਹਨ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਐਵਾਰਡ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਮਾਨਤਾਵਾਂ ਪੁਲਿਸ ਬਲ ਨੂੰ ਹੋਰ ਵੀ ਲਗਨ ਅਤੇ ਸਮਰਪਣ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਡੱਬੀ: ਡੀਜੀਪੀ ਗੌਰਵ ਯਾਦਵ ਨੇ ‘ਜਾਂਚ ‘ਚ ਉੱਤਮਤਾ ਲਈ ਕੇਂਦਰੀ ਗ੍ਰਹਿ ਮੰਤਰੀ ਮੈਡਲ’ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਅਧਿਕਾਰੀਆਂ ਨੂੰ ਦਿੱਤੀ ਵਧਾਈ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਚੰਡੀਗੜ੍ਹ ਕੰਵਰਦੀਪ ਕੌਰ ਅਤੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ ਹੈੱਡਕੁਆਰਟਰ) ਪਟਿਆਲਾ ਦਲਬੀਰ ਸਿੰਘ ਨੂੰ ਸਾਲ 2023 ਲਈ  ‘ਜਾਂਚ ‘ਚ ਉੱਤਮਤਾ ਲਈ ਕੇਂਦਰੀ ਗ੍ਰਹਿ ਮੰਤਰੀ ਮੈਡਲ’ ਨਾਲ ਸਨਮਾਨਿਤ ਕੀਤੇ ਜਾਣ ਲਈ ਵਧਾਈ ਦਿੱਤੀ।

Leave a comment