#PUNJAB

ਪੰਜਾਬ ਪੁਲਿਸ ਦੀ ਐੱਸ.ਐੱਸ.ਓ.ਸੀ. ਵੱਲੋਂ ਸਪੇਨ ਆਧਾਰਿਤ ਐੱਨ.ਆਰ.ਆਈ. ਹਰਜੀਤ ਸਿੰਘ ਨੂੰ ਪੰਜਾਬ ‘ਚ ਅੱਤਵਾਦੀ ਫੰਡਿੰਗ, ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਗ੍ਰਿਫਤਾਰ

– ਪੁਲਿਸ ਟੀਮਾਂ ਨੇ ਖੰਨਾ ਤੋਂ ਹਰਜੀਤ ਦੇ ਨਜ਼ਦੀਕੀ ਸਾਥੀ ਨੂੰ ਵੀ ਕੀਤਾ ਗ੍ਰਿਫਤਾਰ : ਏ.ਆਈ.ਜੀ. ਐੱਸ.ਐੱਸ.ਓ.ਸੀ. ਅਸ਼ਵਨੀ ਕਪੂਰ
ਚੰਡੀਗੜ੍ਹ, 3 ਅਗਸਤ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ.) ਨੇ ਸਪੇਨ ਆਧਾਰਿਤ ਭਾਰਤੀ ਨਾਗਰਿਕ ਹਰਜੀਤ ਸਿੰਘ ਨੂੰ ਦਹਿਸ਼ਤੀ ਫੰਡਿੰਗ ਅਤੇ ਰਾਜ ਵਿਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਵਿਚ ਸ਼ਾਮਲ ਹੋਣ ਕਰਕੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ।
ਪੁਲਿਸ ਟੀਮਾਂ ਨੇ ਹਰਜੀਤ ਸਿੰਘ ਦੇ ਨਜ਼ਦੀਕੀ ਸਾਥੀ ਅਮਰਿੰਦਰ ਸਿੰਘ ਉਰਫ ਬੰਟੀ ਨੂੰ ਵੀ ਉਸਦੇ ਪਿੱਤਰੀ ਜ਼ਿਲ੍ਹੇ ਖੰਨਾ ਤੋਂ ਗ੍ਰਿਫਤਾਰ ਕੀਤਾ ਹੈ।
ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਨਾਲ ਜੁੜੀਆਂ ਵਿਦੇਸ਼ੀ ਸੰਸਥਾਵਾਂ ਦੁਆਰਾ ਸੰਚਾਲਿਤ,  ਇੱਕ ਟਾਰਗੇਟ ਕਿਲਿੰਗ ਮਾਡਿਊਲ ਦੇ ਪੰਜ ਮੈਂਬਰਾਂ ਦੀ ਗ੍ਰਿਫਤਾਰੀ ਨਾਲ, ਇਸ ਮਾਡਿਊਲ ਦੇ ਪਰਦਾਫਾਸ਼ ਕੀਤੇ ਜਾਣ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਅੰਜਾਮ ਦਿੱਤੀ ਗਈ ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ.ਆਈ.ਜੀ. ਐੱਸ.ਐੱਸ.ਓ.ਸੀ. ਐੱਸ.ਏ.ਐਸ. ਨਗਰ ਅਸ਼ਵਨੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਗੁਰਦਾਸਪੁਰ ਦੇ ਪਿੰਡ ਘਣਸ਼ਾਮਪੁਰ ਦਾ ਮੂਲ ਵਾਸੀ ਭਾਰਤੀ ਨਾਗਰਿਕ ਹਰਜੀਤ ਸਿੰਘ ਕਰੀਬ ਇੱਕ ਮਹੀਨਾ ਪਹਿਲਾਂ ਭਾਰਤ ਆਇਆ ਸੀ ਅਤੇ ਦਹਿਸ਼ਤਗਰਦੀ ਨੂੰ ਵਿੱਤੀ ਸਹਾਇਤਾ ਦੇਣ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੈ। ਉਹ ਰਾਜ ਵਿਚ ਕੁਝ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣ ਰਾਹੀਂ ਸਪੇਨ ਲਈ ਰਵਾਨਾ ਹੋਣ ਦੀ ਫਿਰਾਕ ਵਿਚ ਸੀ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੰਜਾਬ ਪੁਲਿਸ ਨੇ ਉਸ ਵਿਰੁੱਧ ਤੁਰੰਤ ਲੁੱਕ ਆਊਟ ਸਰਕੂਲਰ (ਐੱਲ.ਓ.ਸੀ.) ਕੱਢਿਆ, ਜਿਸ ਦੇ ਫਲਸਰੂਪ ਮੰਗਲਵਾਰ ਨੂੰ ਉਸ ਨੂੰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫਤਾਰ ਕੀਤੇ ਗਏ ਦੋਸ਼ੀ ਹਰਜੀਤ ਸਿੰਘ ਤੋਂ ਹੋਰ ਪੁੱਛਗਿੱਛ ਕਰਨ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨੇ ਆਪਣੇ ਸਾਥੀ ਅਮਰਿੰਦਰ ਉਰਫ ਬੰਟੀ ਨੂੰ ਫੰਡਿੰਗ ਅਤੇ ਸਹਾਇਤਾ ਦੇ ਕੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ‘ਚ ਅਹਿਮ ਭੂਮਿਕਾ ਨਿਭਾਈ । ਉਨ੍ਹਾਂ ਕਿਹਾ ਕਿ ਦੋਸ਼ੀ ਹਰਜੀਤ ਸਿੰਘ ਤੋਂ ਪੁੱਛਗਿੱਛ ਤੋਂ ਮਿਲੇ ਸੁਰਾਗ ਦੇ ਆਧਾਰ ‘ਤੇ ਪੁਲਿਸ ਦੀਆਂ ਟੀਮਾਂ ਨੇ ਐੱਸ.ਐੱਸ.ਐੱਸ.ਓ.ਸੀ. ਨੇ ਖੰਨਾ ਤੋਂ ਅਮਰਿੰਦਰ ਉਰਫ ਬੰਟੀ ਨੂੰ ਗ੍ਰਿਫਤਾਰ ਕੀਤਾ।
ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵੇਂ ਦੋਸ਼ੀ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਦੇ ਸੰਪਰਕ ‘ਚ ਆਏ ਸਨ ਅਤੇ ਇਕ-ਦੂਜੇ ਨਾਲ ਇਸੇ ਤਰ੍ਹਾਂ ਦੇ ਕੱਟੜਪੰਥੀ ਵਿਚਾਰ ਸਾਂਝੇ ਕਰਦੇ ਸਨ। ਮੁਲਜ਼ਮ ਹਰਜੀਤ ਸਿੰਘ ਨੇ ਧਾਰਮਿਕ ਆਗੂਆਂ ਦੀ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਲਈ ਸਪੇਨ ਤੋਂ ਭਾਰਤ ਵਿੱਚ ਆਪਣੇ ਸਾਥੀ ਅਮਰਿੰਦਰ ਬੰਟੀ ਨੂੰ ਕਈ ਵਾਰ ਵਿੱਤੀ ਸਹਾਇਤਾ ਭੇਜੀ ਸੀ।
ਏ.ਆਈ.ਜੀ. ਅਸ਼ਵਨੀ ਕਪੂਰ ਨੇ ਕਿਹਾ ਕਿ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਹਰਜੀਤ ਸਿੰਘ ਕੇ.ਐੱਲ.ਐੱਫ. ਨਾਲ ਜੁੜੇ ਕੁਝ ਵਿਦੇਸ਼ੀ ਆਧਾਰਿਤ ਕੱਟੜਪੰਥੀਆਂ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ ਅਤੇ ਸਿੱਖਸ ਫਾਰ ਜਸਟਿਸ ਦੀਆਂ ਗਤੀਵਿਧੀਆਂ ਸਮੇਤ ਕੱਟੜਪੰਥੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਲਈ ਦੋ ਜਾਅਲੀ ਫੇਸਬੁੱਕ ਖਾਤੇ ਵਰਤ ਰਿਹਾ ਸੀ।

Leave a comment