ਚੰਡੀਗੜ੍ਹ, 8 ਸਤੰਬਰ (ਪੰਜਾਬ ਮੇਲ)- ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਸ਼ੁੱਕਰਵਾਰ ਨੂੰ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ, ਭਾਰਤ ਭਰ ’ਚ, ਚਲਾਈ ਮੁਹਿੰਮ ਦੌਰਾਨ ਕਥਿਤ ਗੈਂਗਸਟਰ ਸੋਨੂੰ ਖੱਤਰੀ ਦੇ ਤਿੰਨ ਸ਼ੂਟਰਾਂ ਨੂੰ ਕਾਬੂ ਕੀਤਾ । ਗੈਂਗਸਟਰ ਸੋਨੂੰ ਖੱਤਰੀ ਅੱਤਵਾਦੀ ਹਰਵਿੰਦਰ ਰਿੰਦਾ ਦਾ ਕਰੀਬੀ ਸਾਥੀ ਹੈ।
ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਦੀ ਪਛਾਣ ਜਲੰਧਰ ਦੇ ਨਿਊ ਦਿਓਲ ਨਗਰ ਦੇ ਸੁਖਮਨਜੋਤ ਸਿੰਘ ਉਰਫ਼ ਸੁਖਮਨ ਬਰਾੜ, ਐਸਬੀਐਸ ਨਗਰ ਦੇ ਪਿੰਡ ਲੋਧੀਪੁਰ ਦੇ ਜਸਕਰਨ ਸਿੰਘ ਉਰਫ਼ ਜੱਸੀ ਲੋਧੀਪੁਰ ਅਤੇ ਜਲੰਧਰ ਦੇ ਪਿੰਡ ਫਲੋਰੀਵਾਲ ਦੇ ਜੋਗਰਾਜ ਸਿੰਘ ਉਰਫ਼ ਜੋਗਾ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ .32 ਬੋਰ ਦੇ ਤਿੰਨ ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤੇ ਹਨ।
ਡੀਜੀਪੀ ਨੇ ਕਿਹਾ ,“ਖੁਫੀਆ ਜਾਣਕਾਰੀ ਤੇ ਅਧਾਰਤ ਇਸ ਕਾਰਵਾਈ ਵਿੱਚ, ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਜੀਟੀਐਫ ਪੰਜਾਬ ਦੀਆਂ ਪੁਲਿਸ ਟੀਮਾਂ ਨੇ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਸੁਖਮਨ ਬਰਾੜ ਨੂੰ ਭਾਰਤ-ਨੇਪਾਲ ਬਾਰਡਰ ਤੋਂ ਕਾਬੂ ਕੀਤਾ ਜਦਕਿ ਉਸਦੇ ਦੋ ਹੋਰ ਵਿਅਕਤੀਆਂ ਨੂੰ ਗੁਰੂਗ੍ਰਾਮ, ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ । ਉਹਨਾਂ ਇਹ ਵੀ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨਾਂ ਸ਼ੂਟਰਾਂ ਦੀ ਤਿਕੜੀ ਕਾਠਮੰਡੂ, ਨੇਪਾਲ ਤੋਂ ਵਿਦੇਸ਼ ਭੱਜਣ ਲਈ ਜਾਅਲੀ ਪਾਸਪੋਰਟ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਸੀ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀ ਘੱਟੋ-ਘੱਟ ਪੰਜ ਕਤਲ ਕੇਸਾਂ , ਜਿਨ੍ਹਾਂ ਵਿੱਚ ਮਾਰਚ 2022 ਦੌਰਾਨ ਨਵਾਂਸ਼ਹਿਰ ਵਿੱਚ ਵਾਪਰੇ ਮੱਖਣ ਕਤਲ ਕੇਸ ਸ਼ਾਮਲ ਹਨ ਅਤੇ ਇਸ ਤੋਂ ਇਲਾਵਾ ਉਕਤ ਵਿਅਕਤੀ ਇਰਾਦਾ ਕਤਲ , ਅਸਲਾ ਐਕਟ, ਕਾਰਜੈਕਿੰਗ ਅਤੇ ਜਬਰਨ ਵਸੂਲੀ ਸਮੇਤ ਸੱਤ ਘਿਨਾਉਣੇ ਅਪਰਾਧਾਂ ਦੇ ਕੇਸਾਂ ਵਿਚ ਲੋੜੀਂਦੇ ਹਨ । ਉਹਨਾਂ ਦੱਸਿਆ ਕਿ ਉਕਤ ਦੋਸ਼ੀ ਜ਼ੀਰਕਪੁਰ ਦੇ ਮੈਟਰੋ ਪਲਾਜ਼ਾ ਵਿਖੇ ਦਿਨ-ਦਿਹਾੜੇ ਹੋਈ ਗੋਲੀਬਾਰੀ ਵਿੱਚ ਵੀ ਸ਼ਾਮਲ ਹਨ।
ਇਸ ਅਪ੍ਰੇਸ਼ਨ ਦੀ ਅਗਵਾਈ ਕਰ ਰਹੇ ਏਆਈਜੀ ਸੰਦੀਪ ਗੋਇਲ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੈਂਗਸਟਰ ਸੋਨੂੰ ਖੱਤਰੀ ਦੇ ਨਿਰਦੇਸ਼ਾਂ ’ਤੇ ਪੰਜਾਬ ਰਾਜ ਵਿੱਚ ਸਨਸਨੀਖੇਜ਼ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਨੇਪਾਲ ਸਥਿਤ ਛੁਪਣਗਾਹਾਂ ਵਿੱਚ ਸ਼ਰਨ ਲੈਂਦੇ ਸਨ।
ਉਹਨਾਂ ਦੱਸਿਆ ਕਿ ਇਹ ਵੀ ਖੁਲਾਸਾ ਹੋਇਆ ਹੈ ਕਿ ਵਿਦੇਸ਼ੀ ਹੈਂਡਲਰ ਸੋਨੂੰ ਖੱਤਰੀ ਦੁਆਰਾ ਛੁਪਣਗਾਹਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ, ਜੋ ਹਵਾਲਾ ਲੈਣ-ਦੇਣ ਰਾਹੀਂ ਸ਼ੂਟਰਾਂ ਨੂੰ ਨਿਯਮਤ ਰੂਪ ਵਿੱਚ ਭੁਗਤਾਨ ਕਰਦਾ ਸੀ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।