22.5 C
Sacramento
Saturday, September 23, 2023
spot_img

ਪੰਜਾਬ ਨੇ ਨੀਲੀ ਰਾਵੀ ਦੀ ਪੈਡਿਗਰੀ ਸਿਲੈਕਸ਼ਨ ਸਕੀਮ ਵਿੱਚ ਦੇਸ਼ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 29 ਜੂਨ (ਪੰਜਾਬ ਮੇਲ)- ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਨੇ ਨੀਲੀ ਰਾਵੀ ਦੀ ਪੈਡਿਗਰੀ ਸਿਲੈਕਸ਼ਨ ਸਕੀਮ ਵਿੱਚ ਮੁਲਕ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੇਸੀ ਨਸਲ ਨੂੰ ਸੂਬੇ ਵਿੱਚ ਪ੍ਰਫੁੱਲਿਤ ਕਰਨ ਲਈ ਨੀਲੀ ਰਾਵੀ ਮੱਝਾਂ ਦੀ ਪੈਡਿਗਰੀ ਸਿਲੈਕਸ਼ਨ ਸਕੀਮ ਚਲਾਈ ਜਾ ਰਹੀ ਹੈ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਨੇ ਨੀਲੀ ਰਾਵੀ ਮੱਝਾਂ ਦੀ ਪੈਡਿਗਰੀ ਸਿਲੈਕਸ਼ਨ ਸਕੀਮ ਵਿੱਚ ਦੇਸ਼ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸਦੇ ਨਾਲ ਹੀ ਸੂਬੇ ਨੇ ਮੁਰਾਹ ਨਸਲ ਦੀਆਂ ਮੱਝਾਂ ਦੀ ਪ੍ਰੋਜਨੀ ਟੈਸਟਿੰਗ ਸਕੀਮ ਵਿੱਚ ਪੰਜਵਾਂ ਅਤੇ ਸਾਹੀਵਾਲ ਗਊਆਂ ਦੀ ਪ੍ਰੋਜਨੀ ਟੈਸਟਿੰਗ ਸਕੀਮ ਵਿੱਚ 6ਵਾਂ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਨੇ ਮੁਰਾਹ ਪ੍ਰੋਜਨੀ ਟੈਸਟਿੰਗ ਪ੍ਰਾਜੈਕਟ ਦਾ ਟੀਚਾ ਪਹਿਲਾਂ ਹੀ ਹਾਸਲ ਕਰ ਲਿਆ ਹੈ, ਜੋ ਸਾਲ 2024 ਵਿੱਚ ਪੂਰਾ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਮੁੱਖ ਮੰਤਵ ਇਨ੍ਹਾਂ ਤਿੰਨੇਂ ਨਸਲਾਂ ਦੀਆਂ ਵੱਧ ਦੁੱਧ ਦੇਣ ਦੀ ਸਮਰੱਥਾ ਰੱਖਣ ਵਾਲੀਆਂ ਮੱਝਾਂ ਤੇ ਗਊਆਂ ਵਿੱਚੋਂ ਉੱਚ ਪੱਧਰੀ ਨਸਲ ਦੇ ਸਾਨ੍ਹ ਪੈਦਾ ਕਰਨਾ ਸੀ।
ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਦੀ ਭਲਾਈ ਸਬੰਧੀ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਲੰਪੀ ਸਕਿੱਨ ਦੇ ਫੈਲਾਅ ਨੂੰ ਰੋਕਣ ਲਈ ਹੁਣ ਤੱਕ ਸੂਬੇ ਵਿੱਚ ਗਊਆਂ ਨੂੰ ਗੌਟ ਪੌਕਸ ਵੈਕਸੀਨ ਦੀਆਂ ਕੁੱਲ 25 ਲੱਖ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਸ਼ੂਆਂ ਨੂੰ ਗਲਘੋਟੂ ਬਿਮਾਰੀ ਤੋਂ ਬਚਾਉਣ ਲਈ ਸੂਬਾ ਪੱਧਰੀ ਮੁਹਿੰਮ ਤਹਿਤ ਟੀਕੇ ਲਗਾਏ ਜਾ ਰਹੇ ਹਨ ਅਤੇ ਸੂਬੇ ਵਿੱਚ ਮੂੰਹਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਵੈਕਸੀਨ ਲਗਾਉਣ ਲਈ ਜਲਦੀ ਹੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਨੇ ਵੱਛੀਆਂ/ਕੱਟੀਆਂ ਪੈਦਾ ਕਰਨ ਲਈ ਸੈਕਸਡ ਸੀਮਨ ਦੇ 75,000 ਟੀਕੇ ਵੀ ਖਰੀਦੇ ਹਨ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਤੋਂ ਇਲਾਵਾ ਨਰਾਂ ਦੀ ਸੰਭਾਲ ’ਤੇ ਹੋਣ ਵਾਲੇ ਖਰਚਿਆਂ ਨੂੰ ਘਟਾਇਆ ਜਾ ਸਕੇ। ਸੂਬੇ ਦੇ ਸਾਰੇ ਪਸ਼ੂ ਹਸਪਤਾਲਾਂ/ਡਿਸਪੈਂਸਰੀਆਂ ਵਿੱਚ ਇਹ ਟੀਕੇ ਪਹਿਲਾਂ ਹੀ ਸਸਤੀਆਂ ਦਰਾਂ ’ਤੇ ਉਪਲਬਧ ਕਰਵਾਏ ਜਾ ਚੁੱਕੇ ਹਨ ਜਿਸ ਦਾ ਉਦੇਸ਼ ਭਵਿੱਖ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਕਿਸਾਨਾਂ ਦੀ ਸਹਾਇਤਾ ਕਰਨਾ ਹੈ।
ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਵਿਭਾਗ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਤਿੰਨ ਪ੍ਰੋਜੈਕਟਾਂ ਪ੍ਰੋਜਨੀ ਟੈਸਟਿੰਗ ਮੁਰਾਹ, ਪ੍ਰੋਜਨੀ ਟੈਸਟਿੰਗ ਸਾਹੀਵਾਲ ਅਤੇ ਪੈਡਿਗਰੀ ਸਿਲੈਕਸ਼ਨ ਨੀਲੀ ਰਾਵੀ ਤਹਿਤ ਵਿਭਾਗ ਦੇ ਸੀਮਨ ਸਟੇਸ਼ਨਾਂ ਰੋਪੜ ਅਤੇ ਨਾਭਾ ਵਿੱਚ ਉੱਚ ਨਸਲ ਦੇ ਕੱਟੇ/ਵੱਛੇ ਸਪਲਾਈ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਸੂਬੇ ਅਤੇ ਪੂਰੇ ਭਾਰਤ ਦੇ ਸੀਮਨ ਸਟੇਸ਼ਨਾਂ ਨੂੰ 536 ਵੱਛੇ/ਕੱਟੇ ਸਪਲਾਈ ਕੀਤੇ ਜਾ ਚੁੱਕੇ ਹਨ। ਕਿਸਾਨਾਂ ਦੇ 6 ਮਹੀਨੇ ਤੋਂ 2 ਸਾਲ ਤੱਕ ਦੇ ਨਸਲੀ ਵੱਛਿਆਂ/ਕੱਟਿਆਂ ਦੀ ਖਰੀਦ 6500 ਤੋਂ 65000 ਰੁਪਏ ਪ੍ਰਤੀ ਨਰ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ।

Related Articles

Stay Connected

0FansLike
3,869FollowersFollow
21,200SubscribersSubscribe
- Advertisement -spot_img

Latest Articles