ਮਾਲਵੀਆ ਨੇ ਰਾਜਸਥਾਨ ਫੀਡਰ ਦੇ ਨਾਲ ਰਾਜਸਥਾਨ ਦੀ ਜਗ੍ਹਾਂ ਵਿੱਚ ਨਵੀਂ ਨਹਿਰ ਬਣਾਉਣ ਦੀ ਮੰਗ ਉਤੇ ਹਾਮੀ ਭਰੀ
ਚੰਡੀਗੜ੍ਹ, 25 ਅਗਸਤ (ਪੰਜਾਬ ਮੇਲ)- ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਜਲ ਸਰੋਤ ਮੰਤਰੀ ਮਹੇਂਦਰਾਜੀਤ ਸਿੰਘ ਮਾਲਵੀਆ ਨਾਲ ਮੁਲਾਕਾਤ ਕੀਤੀ। ਮੀਤ ਹੇਅਰ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਲਈ ਅਗਾਂਹਵਧੂ ਫੈਸਲਾ ਲਿਆ ਗਿਆ ਕਿ ਰਾਜਸਥਾਨ ਫੀਡਰ ਨਹਿਰ ਦੇ ਨਾਲ ਰਾਜਸਥਾਨ ਦੀ ਜਗ੍ਹਾਂ ਉੱਪਰ ਸਿਰਫ ਪੰਜਾਬ ਵਾਸਤੇ ਨਵੀਂ ਨਹਿਰ ਬਣਾਈ ਜਾਵੇ।
ਮੀਤ ਹੇਅਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਰਾਜਸਥਾਨ ਅੱਗੇ ਪੰਜਾਬ ਸਰਕਾਰ ਵੱਲੋਂ ਪ੍ਰਸਤਾਵ ਰੱਖਿਆ ਗਿਆ ਕਿ ਪੰਜਾਬ ਦੇ ਦੱਖਣੀ ਮਾਲਵਾ ਦੇ ਚਾਰ ਜ਼ਿਲਿਆਂ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਫਰੀਦਕੋਟ ਵਿੱਚ ਨਹਿਰੀ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਰਾਜਸਥਾਨ ਫੀਡਰ ਨਹਿਰ ਦੇ ਨਾਲ ਰਾਜਸਥਾਨ ਦੀ ਜਗ੍ਹਾਂ ਉੱਪਰ ਨਵੀਂ ਨਹਿਰ ਬਣਾਈ ਜਾਵੇ ਤਾਂ ਜੋ ਪੰਜਾਬ ਦੇ ਇਨ੍ਹਾਂ ਇਲਾਕਿਆਂ ਨੂੰ ਲੋੜੀਂਦਾ ਨਹਿਰੀ ਪਾਣੀ ਮਿਲ ਸਕੇ।ਪੰਜਾਬ ਦੀ ਇਸ ਮੰਗ ਉਤੇ ਰਾਜਸਥਾਨ ਨੇ ਹਾਮੀ ਭਰਦਿਆਂ ਸਿਧਾਂਤਕ ਪ੍ਰਵਾਨਗੀ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਲਿਖਤੀ ਪ੍ਰਸਤਾਵ ਭੇਜਿਆ ਜਾਵੇ।
ਮੀਤ ਹੇਅਰ ਨੇ ਅੱਗੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਆਪਣੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਜਲਦ ਪ੍ਰਸਤਾਵ ਤਿਆਰ ਕਰਕੇ ਰਾਜਸਥਾਨ ਸਰਕਾਰ ਨੂੰ ਭੇਜਣ ਲਈ ਕਿਹਾ ਤਾਂ ਜੋ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦੀ ਵਚਨਬੱਧਤਾ ਨੂੰ ਹੋਰ ਸੁਹਿਰਦਤਾ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਰਾਜਸਥਾਨ ਵੱਲੋਂ ਵੱਧ ਪਾਣੀ ਦੀ ਮੰਗ ਉਤੇ ਪੰਜਾਬ ਸਰਕਾਰ ਵੱਲੋਂ ਅਸਮਰੱਥਾ ਜ਼ਾਹਰ ਕਰਦਿਆਂ ਇਹ ਸਪੱਸ਼ਟ ਕੀਤਾ ਗਿਆ ਕਿ ਰਾਜਸਥਾਨ ਨੂੰ ਵੱਧ ਪਾਣੀ ਦੇਣ ਲਈ ਹਰੀਕੇ ਵਿਖੇ ਪਾਣੀ ਦਾ ਪੱਧਰ ਵਧਾਉਣਾ ਪਵੇਗਾ ਜਿਸ ਨਾਲ ਪਿਛਲਾ ਦੋਆਬਾ ਖੇਤਰ ਭਾਰੀ ਹੜ੍ਹਾਂ ਦੀ ਮਾਰ ਹੇਠ ਆ ਜਾਵੇਗਾ। ਮੌਜੂਦਾ ਸਥਿਤੀ ਨੂੰ ਦੇਖਦਿਆਂ ਇਹ ਸੰਭਵ ਨਹੀਂ।
ਇਸ ਮੌਕੇ ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ।