#PUNJAB

‘ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ’ : ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 16 ਮਾਰਚ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਡੀਆ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਨੂੰ ਪੂਰਾ ਇਕ ਸਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੋਈ ਤੀਜੀ ਪਾਰਟੀ ਅਜੇ ਤੱਕ ਨਹੀਂ ਆਈ ਸੀ, ਜਿਸ ਨੇ ਇੰਨੀ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੋਵੇ। ਅਸੀਂ ਇਕ ਸਾਲ ‘ਚ ਲੋਕਾਂ ਨਾਲ ਕੀਤੇ ਹੋਏ ਬਹੁਤ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਇਕ ਸਾਲ ‘ਚ ਹਜ਼ਾਰਾਂ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਗਏ ਹਨ।

ਇਸ ਤੋਂ ਇਲਾਵਾ 12 ਤੋਂ 15 ਲੱਖ ਲੋਕ ਪੰਜਾਬ ‘ਚ ਖੁੱਲ੍ਹੇ ਮੁਹੱਲਾ ਕਲੀਨਿਕਾਂ ‘ਚ ਫ਼ਾਇਦਾ ਲੈ ਰਹੇ ਹਨ। ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ ਅਤੇ ਖੇਤੀ ਵਾਸਤੇ ਵੀ ਬਹੁਤ ਸਾਰੀਆਂ ਸਕੀਮਾਂ ਸਾਡੀ ਸਰਕਾਰ ਲੈ ਕੇ ਆਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਪੂਰਾ ਪੰਜਾਬ ਤਰੱਕੀ ਕਰੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਸਾਲ ਪਹਿਲਾਂ ਜੋ ਸਾਡੇ ‘ਤੇ ਭਰੋਸਾ ਕੀਤਾ, ਅਸੀਂ ਇਕ ਸਾਲ ਬਾਅਦ ਇਸ ਭਰੋਸੇ ਨੂੰ ਹੋਰ ਗੂੜ੍ਹਾ ਕਰਾਂਗੇ। ਨਵੇਂ ਚੁਣੇ ਗਏ ਮੰਤਰੀ ਤੇ ਵਿਧਾਇਕ ਲੋਕਾਂ ਵਰਗੇ ਹੀ ਹਨ, ਇਹ ਲੋਕਾਂ ਨੂੰ ਜਲਦੀ ਹੀ ਯਕੀਨ ਹੋ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ‘ਚ ਵੀ ਪੰਜਾਬੀਆਂ ਦੀ ਕਾਮਯਾਬੀ ਦੇ ਝੰਡੇ ਅਸੀਂ ਬੁਲੰਦ ਕਰਾਂਗੇ ਅਤੇ ਲੋਕ ਇੰਝ ਹੀ ਸਾਡਾ ਸਾਥ ਦਿੰਦੇ ਰਹਿਣ।ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ‘ਚ ਸਰਕਾਰ ਦਾ ਇਕ ਸਾਲ ਪੂਰਾ ਹੋਣ ‘ਤੇ ਟਵੀਟ ਕੀਤਾ ਗਿਆ ਹੈ। ਇਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰਕੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਜੀ ਤੁਹਾਡੇ ਸੁਫ਼ਨਿਆਂ ਦੀ ਲੋਕ ਪੱਖੀ ਸੋਚ ਨੂੰ ਭਰੋਸਿਆਂ ਦੇ ਰੂਪ ‘ਚ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ‘ਤੇ ਪੂਰਾ ਉਤਰਨਾ ਸਾਡਾ ਮੰਤਵ ਹੈ। ਰੱਬ ਬਲ ਬਖ਼ਸ਼ੇ ਅਤੇ ਮਿਹਰ ਕਰੇ। ਇਨਕਲਾਬ-ਜ਼ਿੰਦਾਬਾਦ, ਪੰਜਾਬ-ਜ਼ਿੰਦਾਬਾਦ

Leave a comment