#PUNJAB

ਪੰਜਾਬ ਨੂੰ ਤੰਬਾਕੂ ਮੁਕਤ ਕਰਨ ਲਈ ਸੂਬੇ ਦੀਆਂ ਪੰਚਾਇਤਾਂ ਕਰਨਗੀਆਂ ਮਤਾ ਪਾਸ

-ਸੂਬੇ ਦੀਆਂ 13 ਹਜ਼ਾਰ ਪੰਚਾਇਤਾਂ ਕਰਨਗੀਆਂ ਵੱਡਾ ਐਕਸ਼ਨ
ਚੰਡੀਗੜ੍ਹ, 31 ਮਈ (ਪੰਜਾਬ ਮੇਲ)- ਪੰਜਾਬ ਜਲਦ ਹੀ ਤੰਬਾਕੂ ਮੁਕਤ ਹੋ ਜਾਏਗਾ। ਇਹ ਕਾਰਜ ਪੰਜਾਬ ਦੀਆਂ 13 ਹਜ਼ਾਰ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਕਰਨਗੀਆਂ। ਇਸ ਲਈ ਪੂਰੇ ਸੂਬੇ ਵਿਚ ‘ਸਾਨੂੰ ਭੋਜਨ ਚਾਹੀਦਾ, ਤੰਬਾਕੂ ਦੀ ਨਹੀਂ’ ਦਾ ਨਾਅਰਾ ਗੂੰਜੇਗਾ। ਪੰਚਾਇਤਾਂ ਪਿੰਡਾਂ ਅੰਦਰ ਤੰਬਾਕੂ ਦਾ ਸੇਵਨ ਨਾ ਕਰਨ ਦਾ ਪ੍ਰਣ ਲਿਆ ਲੈਣਗੀਆਂ। ਇਸ ਦੇ ਨਾਲ ਹੀ ਪੰਚਾਇਤਾਂ ਮਤੇ ਪਾਸ ਕਰਕੇ ਤੰਬਾਕੂ ਦਾ ਸੇਵਨ ਕਰਨ ਤੇ ਵੇਚਣ ਵਾਲਿਆਂ ਨੂੰ ਜੁਰਮਾਨਾ ਕਰਨ ਦਾ ਐਲਾਨ ਕਰਨਗੀਆਂ।
ਜਾਣਕਾਰੀ ਮੁਤਾਬਕ ਪੰਜਾਬ ਵਿਚ 31 ਮਈ ਤੋਂ 31 ਜੁਲਾਈ ਤੱਕ ਦੋ ਮਹੀਨਿਆਂ ਵਿਚ ਪੰਚਾਇਤਾਂ ਅਧੀਨ ਆਉਂਦੇ 13 ਹਜ਼ਾਰ ਤੋਂ ਵੱਧ ਪਿੰਡਾਂ ਵਿਚ ਤੰਬਾਕੂ ਦਾ ਸੇਵਨ ਨਾ ਕਰਨ ਦਾ ਪ੍ਰਣ ਲਿਆ ਜਾਵੇਗਾ। ਤੰਬਾਕੂ ਦਾ ਸੇਵਨ ਕਰਨ ਤੇ ਵੇਚਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ। ਅਹਿਮ ਗੱਲ਼ ਹੈ ਕਿ ਸੂਬੇ ਦੇ 739 ਪਿੰਡ ਤੰਬਾਕੂ ਮੁਕਤ ਹੋ ਗਏ ਹਨ। ਇੱਕ ਸ਼ਹਿਰ ਵੀ ਤੰਬਾਕੂ ਮੁਕਤ ਹੈ।
ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਅਨੁਸਾਰ, ਭਾਰਤ ਵਿਚ ਤੰਬਾਕੂ ਦੀ ਵਰਤੋਂ ਕਾਰਨ ਹਰ ਸਾਲ 10 ਮਿਲੀਅਨ ਤੋਂ ਵੱਧ ਮੌਤਾਂ ਹੁੰਦੀਆਂ ਹਨ। ਦੁਨੀਆਂ ਦੇ 12% ਸਿਗਰਟਨੋਸ਼ੀ ਕਰਨ ਵਾਲੇ ਭਾਰਤ ਵਿਚ ਰਹਿੰਦੇ ਹਨ। ਦੂਜੇ ਸੂਬਿਆਂ ਵਿਚ ਆਉਂਦੇ ਪਰਵਾਸੀ ਮਜ਼ਦੂਰਾਂ ਕਰਕੇ ਪੰਜਾਬ ਅੰਦਰ ਵੀ ਤੰਬਾਕੂ ਦਾ ਰੁਝਾਨ ਕਾਫੀ ਵਧ ਗਿਆ ਹੈ। ਇਸ ਲਈ ਪੰਜਾਬ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ।
ਪੰਜਾਬ ਲਈ ਰਾਹਤ ਦੀ ਖਬਰ ਹੈ ਕਿ ਐੱਨ.ਐੱਫ.ਐੱਚ.ਐੱਸ.-5 ਦੇ ਅੰਕੜਿਆਂ (2020-21) ਅਨੁਸਾਰ, ਪਿਛਲੇ 5 ਸਾਲਾਂ ਦੌਰਾਨ ਪੰਜਾਬ ਵਿਚ ਮਰਦਾਂ ਵਿਚ ਤੰਬਾਕੂ ਦੀ ਵਰਤੋਂ 19.2% ਤੋਂ ਘੱਟ ਕੇ 12.9% ਹੋ ਗਈ ਹੈ, ਜੋ ਦੇਸ਼ ਦੇ ਸਾਰੇ ਰਾਜਾਂ ਵਿਚੋਂ ਸਭ ਤੋਂ ਘੱਟ ਹੈ। ਹੁਣ 31 ਮਈ ਤੋਂ 31 ਜੁਲਾਈ ਤੱਕ ਸੂਬੇ ਵਿਚ ਤੰਬਾਕੂ ਤੇ ਸਿਗਰਟਨੋਸ਼ੀ ਸਬੰਧੀ ਵੱਡੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸੂਬੇ ਦੀਆਂ ਸਾਰੀਆਂ ਪੰਚਾਇਤਾਂ ਤੰਬਾਕੂ ਦਾ ਸੇਵਨ ਨਾ ਕਰਨ ਦਾ ਮਤਾ ਪਾਸ ਕਰਨਗੀਆਂ।

Leave a comment