#PUNJAB

ਪੰਜਾਬ ਦੇ ਡੀ.ਜੀ.ਪੀ. ਤੇ ਗ੍ਰਹਿ ਸਕੱਤਰ ਹਾਈ ਕੋਰਟ ਵਿਚ ਪੇਸ਼

ਚੰਡੀਗੜ੍ਹ, 13 ਅਕਤੂਬਰ (ਪੰਜਾਬ ਮੇਲ)- ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਤੇ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਇਥੇ ਹਾਈ ਕੋਰਟ ਦੇ ਬੈਂਚ ਅੱਗੇ ਪੇਸ਼ ਹੋਏ। ਅਦਾਲਤ ਨੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲਿਆਂ ਵਿਚ ਇਸਤਗਾਸਾ ਧਿਰ ਦੇ ਗਵਾਹਾਂ ਦੀ ਗੈਰਹਾਜ਼ਰੀ ਕਾਰਨ ਸੁਣਵਾਈ ਵਿਚ ਦੇਰੀ ਹੋਣ ਕਾਰਨ ਨਾਰਾਜ਼ਗੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਤਲਬ ਕੀਤਾ ਸੀ। ਇਸ ਕੇਸ ਦੇ ਪਟੀਸ਼ਨਰ ਮੁਕਤਸਰ ਜ਼ਿਲ੍ਹਾ ਵਾਸੀ ਅਰਸ਼ਦੀਪ ਸਿੰਘ ਦੇ ਵਕੀਲ ਬੀ.ਐੱਸ. ਔਲਖ ਨੇ ਦੱਸਿਆ ਕਿ ਜਸਟਿਸ ਮੰਜਰੀ ਨਹਿਰੂ ਕੌਲ ਨੇ ਡੀ.ਜੀ.ਪੀ. ਗੌਰਵ ਯਾਦਵ ਨੂੰ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਬਾਰੇ ਬੀਤੇ ਦੋ ਸਾਲਾਂ ਵਿਚ ਜਿਹੜੇ ਪਰਚੇ ਦਰਜ ਹੋਏ ਹਨ, ਉਨ੍ਹਾਂ ਵਿਚ ਗਵਾਹਾਂ ਦੇ ਪੇਸ਼ ਹੋਣ ਬਾਰੇ ਵੇਰਵੇ ਦਿੰਦੇ ਹੋਏ ਹਲਫਨਾਮਾ ਦਾਇਰ ਕੀਤਾ ਜਾਵੇ। ਸ਼੍ਰੀ ਔਲਖ ਨੇ ਕੇਸ ਦੀ ਸੁਣਵਾਈ ਮਗਰੋਂ ਕਿਹਾ ਕਿ ਅਦਾਲਤ ਨੇ ਡੀ.ਜੀ.ਪੀ. ਨੂੰ ਇਹ ਵੀ ਦੱਸਣ ਲਈ ਕਿਹਾ ਕਿ ਜਿਹੜੇ ਗਵਾਹ ਪੇਸ਼ ਨਹੀਂ ਹੋਏ, ਉਨ੍ਹਾਂ ਬਾਰੇ ਕਾਰਨ ਸਪੱਸ਼ਟ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਅਰਸ਼ਦੀਪ ਸਿੰਘ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਪਿਛਲੇ ਤਿੰਨ ਸਾਲਾਂ ਤੋਂ ਹਿਰਾਸਤ ਵਿਚ ਹੈ। ਉਸ ਨੇ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ। ਅਰਸ਼ਦੀਪ ਤੋਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਵਕੀਲ ਅਨੁਸਾਰ ਅਰਸ਼ਦੀਪ ਨੂੰ ਪਹਿਲੀ ਸਤੰਬਰ, 2020 ਵਿਚ ਹਿਰਾਸਤ ‘ਚ ਲਿਆ ਗਿਆ ਸੀ ਤੇ ਅਗਸਤ, 2021 ਵਿਚ ਦੋਸ਼ ਆਇਦ ਕੀਤੇ ਗਏ ਸਨ। ਵਕੀਲ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੇ 20 ਗਵਾਹਾਂ ਵਿਚੋਂ ਹੁਣ ਤਕ ਸਿਰਫ ਇਕ ਤੋਂ ਹੀ ਪੁੱਛਗਿੱਛ ਕੀਤੀ ਗਈ ਹੈ।

Leave a comment