#CANADA

ਪੰਜਾਬ ਦੀ ਵੰਡ ਕਾਂਗਰਸ, ਮੁਸਲਿਮ ਲੀਗ ਅਤੇ ਅੰਗਰੇਜ਼ਾਂ ਵੱਲੋਂ ਆਪਸੀ ਸਹਿਮਤੀ ਨਾਲ ਲੋਕਾਂ ‘ਤੇ ਠੋਸੀ : ਸਤਨਾਮ ਸਿੰਘ ਮਾਣਕ

ਸਰੀ, 30 ਅਗਸਤ (ਹਰਦਮ ਮਾਨ/ਪੰਜਾਬ ਮੇਲ)-ਜੇਕਰ ਕਾਂਗਰਸ ਪਾਰਟੀ ਮੁਸਲਿਮ ਭਾਈਚਾਰੇ ਨੂੰ ਪੂਰੀ ਤਰ੍ਹਾਂ ਨਾਲ ਲੈ ਕੇ ਚਲਦੀ ਤਾਂ ਅੰਗਰੇਜ਼ਾਂ ਨੂੰ ਭਾਰਤ ਦੀ ਵੰਡ ਕਰਨ ਦਾ ਬਹਾਨਾ ਨਾ ਮਿਲਦਾ। ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਭਾਰਤ ਇਕ ਰਾਸ਼ਟਰ ਰਹੇ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੇ ਆਜ਼ਾਦ ਭਾਰਤ ਰੂਸ ਨਾਲ ਜੁੜ ਜਾਂਦਾ ਹੈ, ਤਾਂ ਦੁਨੀਆਂ ਦਾ ਸੰਤੁਲਨ ਵਿਗੜ ਜਾਵੇਗਾ, ਭਾਰਤ ਇਕ ਮਹਾਂ-ਸ਼ਕਤੀ ਵਜੋਂ ਉੱਭਰ ਸਕਦਾ ਹੈ ਅਤੇ ਸਾਮਰਾਜੀ ਤਾਕਤਾਂ ਹੱਥੋਂ ਵਿਸ਼ਵ ਦੀ ਲੀਡਰਸ਼ਿਪ ਖੁੱਸ ਸਕਦੀ ਹੈ। ਇਹ ਵਿਚਾਰ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਜੀਵੇ ਪੰਜਾਬ ਅਦਬੀ ਸੰਗਤ ਅਤੇ ਸਾਊਥ ਏਸ਼ੀਅਨ ਰੀਵਿਊ ਕੈਨੇਡਾ ਵੱਲੋਂ ਪੰਜਾਬ ਅਤੇ ਪੰਜਾਬ ਦੀ ਵੰਡ ਵਿਸ਼ੇ ਉੱਪਰ ਆਨ-ਲਾਈਨ ਕਰਵਾਈ ਗਈ ਵਿਚਾਰ-ਚਰਚਾ ਦੌਰਾਨ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੂੰ ਇਹ ਵੀ ਖ਼ਦਸ਼ਾ ਸੀ ਕਿ ਜੇ ਭਾਰਤ ਇਕਜੁੱਟ ਰਹਿੰਦਾ ਹੈ, ਤਾਂ ਇਹ ਆਰਥਿਕ ਤੌਰ ‘ਤੇ ਵੀ ਸਮਰੱਥ ਤਾਕਤ ਬਣ ਸਕਦਾ ਹੈ। ਅਸਲ ਵਿਚ ਕਾਂਗਰਸ, ਮੁਸਲਿਮ ਲੀਗ ਅਤੇ ਅੰਗਰੇਜ਼ਾਂ ਨੇ ਆਪਸੀ ਸਹਿਮਤੀ ਨਾਲ ਹੀ ਭਾਰਤ (ਪੰਜਾਬ) ਦੀ ਵੰਡ ਭਾਰਤੀਆਂ ‘ਤੇ ਠੋਸੀ ਹੈ ਅਤੇ ਇਸ ਦਾ ਸਭ ਤੋਂ ਵੱਧ ਸੰਤਾਪ ਪੰਜਾਬੀ ਨੂੰ ਸਹਿਣਾ ਪਿਆ ਹੈ। ਇਹ ਇਕ ਅਣਮਨੁੱਖੀ ਕਾਰਾ ਸੀ, ਜਿਸ ਵਿਚ 10 ਲੱਖ ਲੋਕ ਇਸ ਫਿਰਕੂ ਹਨੇਰੀ ਵਿਚ ਮਾਰੇ ਗਏ ਅਤੇ ਇਕ ਕਰੋੜ ਲੋਕਾਂ ਨੂੰ ਉਜਾੜਾ ਸਹਿਣਾ ਪਿਆ। ਉਨ੍ਹਾਂ ਕਿਹਾ ਕਿ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਘਟਨਾ ਨੂੰ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਮੰਨਿਆ ਗਿਆ ਹੈ ਪਰ ਪੰਜਾਬ ਦਾ ਇਹ ਦੁਖਾਂਤ ਵੀ ਓਨਾ ਹੀ ਵੱਡਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਉਸ ਵੇਲੇ ਮੁਸਲਮਾਨ, ਸਿੱਖ, ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਕ ਦੂਜੇ ਨੂੰ ਮਾਰਿਆ, ਲੁੱਟ-ਖਸੁੱਟ ਕੀਤੀ, ਔਰਤਾਂ ਨੂੰ ਬੇਪਤ ਕੀਤਾ। ਕਿਸੇ ਨੇ ਵੱਧ ਕੀਤਾ ਅਤੇ ਕਿਸੇ ਨੇ ਘੱਟ। ਇਸ ਅਣਮਨੁੱਖੀ ਇਤਿਹਾਸ ਦੀ ਸ਼ਰਮਿੰਦਗੀ ਸਾਨੂੰ ਹਮੇਸ਼ਾ ਰਹੇਗੀ ਅਤੇ ਸਾਨੂੰ ਸਰਹੱਦਾਂ ਦੇ ਆਰ-ਪਾਰ ਵਸਦੇ ਪੰਜਾਬੀਆਂ ਨੂੰ ਇਨ੍ਹਾਂ ਇਤਿਹਾਸਕ ਘਟਨਾਵਾਂ ਦਾ ਨਿਰਪੱਖ ਦ੍ਰਿਸ਼ਟੀਕੋਣ ਅਤੇ ਪੰਜਾਬ ਦੇ ਨਜ਼ਰੀਏ ਤੋਂ ਵਿਸਲੇਸ਼ਣ ਕਰਨਾ ਚਾਹੀਦਾ ਹੈ ਅਤੇ ਜਿਹੜੇ-ਜਿਹੜੇ ਭਾਈਚਾਰੇ ਤੋਂ ਗ਼ਲਤੀ ਹੋਈ, ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਪੰਜਾਬੀਆਂ ਦੇ ਅਜੋਕੇ ਸਰੋਕਾਰਾਂ ਦੀ ਗੱਲ ਕਰਦਿਆਂ ਸ਼੍ਰੀ ਮਾਣਕ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਵਿਚ ਅਤੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਵੱਲੋਂ ਨਵੀਂ ਪੀੜ੍ਹੀ ਤੱਕ ਆਪਣਾ ਇਤਿਹਾਸ, ਵਿਰਸਾ, ਸੱਭਿਆਚਾਰ ਪਹੁੰਚਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਸਰੋਕਾਰਾਂ ਦੀ ਪੂਰਤੀ ਲਈ, ਆਪਣੀ ਆਰਥਿਕ ਖੁਸ਼ਹਾਲੀ ਲਈ ਦੋਹਾਂ ਦੇਸ਼ਾਂ ਦੇ ਪੰਜਾਬੀਆਂ ਨੂੰ ਇਹ ਮੁੱਦਾ ਉਠਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਦੋਹਾਂ ਦੇਸ਼ਾਂ ਵਿਚ ਆਉਣ-ਜਾਣ ਦੀ ਆਜ਼ਾਦੀ ਦਿੱਤੀ ਜਾਵੇ, ਜਿਸ ਨਾਲ ਇਕ ਦੂਜੇ ਦੇ ਸਹਿਯੋਗ ਨਾਲ ਅਸੀਂ ਆਰਥਿਕ ਖੁਸ਼ਹਾਲੀ ਹਾਸਲ ਕਰ ਸਕੀਏ ਅਤੇ ਆਪਣੀ ਪਹਿਚਾਣ, ਆਪਣਾ ਵਿਰਸਾ, ਸੱਭਿਆਚਾਰ, ਆਪਣੀ ਬੋਲੀ ਨੂੰ ਅੱਗੇ ਵਧਾ ਸਕੀਏ। ਸਤਨਾਮ ਸਿੰਘ ਮਾਣਕ ਨੇ ਇਹ ਵੀ ਕਿਹਾ ਕਿ ਜੇ ਭਾਰਤ ਅਤੇ ਪਾਕਿਸਤਾਨ ਨੇ ਤਰੱਕੀ ਕਰਨੀ ਹੈ, ਤਾਂ ਦੋਹਾਂ ਦੇਸ਼ਾਂ ਵਿਚ ਵਸਦੀਆਂ ਵੱਖ-ਵੱਖ ਕੌਮਾਂ ਨੂੰ ਬਣਦਾ ਮਾਣ-ਸਤਿਕਾਰ ਮਿਲਣਾ ਚਾਹੀਦਾ ਹੈ ਅਤੇ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਪ੍ਰਣਾਲੀ ਵਿਚ ਉਨ੍ਹਾਂ ਦੀਆਂ ਭਾਸ਼ਾਵਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਇਸ ਵਿਚਾਰ ਚਰਚਾ ਦਾ ਸੰਚਾਲਨ ਨਵਰੂਪ ਸਿੰਘ ਨੇ ਕੀਤਾ ਅਤੇ ਭੁਪਿੰਦਰ ਮੱਲ੍ਹੀ ਨੇ ਵਿਚਾਰ ਚਰਚਾ ਦੇ ਮੁੱਖ ਬੁਲਾਰੇ ਸਤਿਨਾਮ ਸਿੰਘ ਮਾਣਕ ਅਤੇ ਵਿਚਾਰ-ਚਰਚਾ ਵਿਚ ਸ਼ਾਮਲ ਹੋਏ ਕੈਨੇਡਾ, ਭਾਰਤ, ਇੰਗਲੈਂਡ, ਅਮਰੀਕਾ, ਪਾਕਿਸਤਾਨ ਦੇ ਸੂਝਵਾਨ ਅਤੇ ਪੰਜਾਬ ਲਈ ਸਿਨੇਹ ਰੱਖਣ ਵਾਲੇ ਪੰਜਾਬੀਆਂ ਦਾ ਧੰਨਵਾਦ ਕੀਤਾ।

Leave a comment