#PUNJAB

ਪੰਜਾਬ ਤੋਂ ਬੀਤੇ ਵਰ੍ਹੇ 1.65 ਲੱਖ ਬੱਚੇ ਸਟੱਡੀ ਵੀਜ਼ਾ ‘ਤੇ ਵਿਦੇਸ਼ ਗਏ

ਜਲੰਧਰ, 26 ਜੁਲਾਈ (ਪੰਜਾਬ ਮੇਲ)- ਪੰਜਾਬ ਤੋਂ ਬੀਤੇ ਸਾਲ 1,65,000 ਬੱਚੇ ਸਟੱਡੀ ਵੀਜ਼ਾ ‘ਤੇ ਵਿਦੇਸ਼ਾਂ ‘ਚ ਗਏ ਹਨ, ਜੋ ਆਪਣੇ ਨਾਲ 48,000 ਕਰੋੜ ਰੁਪਏ ਵੀ ਵਿਦੇਸ਼ਾਂ ‘ਚ ਖਿੱਚ ਕੇ ਲੈ ਗਏ। ਇਕ ਸਾਲ ਬਾਅਦ ਫਿਰ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਲਈ ਫੀਸ ਦੇ ਰੂਪ ‘ਚ 17,000 ਕਰੋੜ ਰੁਪਏ ਵਿਦੇਸ਼ ਭੇਜੇ। ਸੰਗਠਨ ‘ਕਨਫੈੱਡਰੇਸ਼ਨ ਆਫ ਸਕੂਲਜ਼ ਐਂਡ ਕਾਲਜਿਜ ਆਫ ਪੰਜਾਬ’ ਵੱਲੋਂ ਕਰਵਾਏ ਗਏ ਇਕ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ‘ਚ ਹੁਣ ਘਰ ਨੌਜਵਾਨਾਂ ਤੋਂ ਵਾਂਝੇ ਹੁੰਦੇ ਜਾ ਰਹੇ ਹਨ ਅਤੇ ਪਰਿਵਾਰ ਸਿਰਫ ਬਜ਼ੁਰਗਾਂ ਦੇ ਸਹਾਰੇ ਚੱਲਣ ਲੱਗੇ ਹਨ।
ਕਨਫੈਡਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਦੱਸਿਆ ਕਿ ਹਾਲਾਂਕਿ ਇਹ ਸਰਵੇ ਗੈਰ-ਰਸਮੀ ਸੀ ਪਰ ਤੱਥਾਂ ‘ਤੇ ਆਧਾਰਿਤ ਸੀ। ਉਨ੍ਹਾਂ ਦੱਸਿਆ ਕਿ 3 ਸਾਲ ਪਹਿਲਾਂ ਕੈਨੇਡਾ ‘ਚ ਪੰਜਾਬ ਤੋਂ ਗਈ ਇਕ ਵਿਦਿਆਰਥਣ ਦੇ ਕਥਿਤ ਤੌਰ ‘ਤੇ ਅਨੈਤਿਕ ਕੰਮਾਂ ‘ਚ ਸ਼ਾਮਲ ਹੋਣ ਦੀ ਗੱਲ ‘ਤੇ ਉਨ੍ਹਾਂ 2 ਮੈਂਬਰੀ ਟੀਮ ਇਸ ਦੀ ਪੁਸ਼ਟੀ ਲਈ ਕੈਨੇਡਾ ਭੇਜੀ ਸੀ, ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਤੋਂ ਵਿਦੇਸ਼ ਪੜ੍ਹਾਈ ਲਈ ਗਏ ਵਿਦਿਆਰਥੀ ਉੱਥੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਵਿਦੇਸ਼ਾਂ ‘ਚ ਹੁਣ ਰੋਜ਼ਗਾਰ ਸੰਕਟ ਵਧਣ ਲੱਗਿਆ ਹੈ ਅਤੇ ਮੰਦੀ ਘਰ ਕਰਨ ਲੱਗੀ ਹੈ। ਅਜਿਹੇ ‘ਚ ਪੰਜਾਬ ਤੋਂ ਗਏ ਬੱਚਿਆਂ ਅੱਗੇ ਸੰਕਣ ਬਣਿਆ ਹੋਇਆ ਹੈ। ਵਿਦੇਸ਼ਾਂ ‘ਚ ਮਕਾਨ ਦੇ ਕਿਰਾਏ ਅਤੇ ਖਾਣ-ਪੀਣ ਦੇ ਮਾਮਲੇ ‘ਚ ਮਹਿੰਗਾਈ ਬਹੁਤ ਜ਼ਿਆਦਾ ਹੈ। ਸੇਖੜੀ ਨੇ ਕਿਹਾ ਵਧੀਆ ਪੜ੍ਹਾਈ ਅਤੇ ਰੋਜ਼ਗਾਰ ਦੇ ਲਾਲਚ ‘ਚ ਬਹੁਤ ਸਾਰੇ ਪਰਿਵਾਰ ਆਪਣੇ 18-20 ਸਾਲ ਦੇ ਬੱਚਿਆਂ ਨੂੰ ਵਿਦੇਸ਼ ਭੇਜ ਦਿੰਦੇ ਹਨ, ਜਿਨ੍ਹਾਂ ਨੂੰ ਅੱਜੇ ਤਕ ਪੂਰੀ ਸਮਝ ਵੀ ਨਹੀਂ ਹੁੰਦੀ।
ਉਨ੍ਹਾਂ ਦੱਸਿਆ ਕਨਫੈਡਰੇਸ਼ਨ ਦੇ ਅਧੀਨ ਏਡਿਡ ਸਣੇ ਪੌਲੀਟੈਕਨਿਕ, ਫਾਰਮੇਸੀ ਆਦਿ ਦੇ ਤਕਰੀਬਨ 1,500 ਸਿੱਖਿਆ ਸੰਸਥਾਨ ਹਨ, ਜਿਨ੍ਹਾਂ ‘ਚ 10 ਲੱਖ ਤੋਂ ਵੱਧ ਬੱਚੇ ਪੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਇਕ ਤੱਥ ਸਾਹਮਣੇ ਆਇਆ ਹੈ ਕਿ ਬੱਚੇ ਪੰਜਾਬ ਤੋਂ ਸਕੂਲ ਸਿੱਖਿਆ ਹੀ ਹਾਸਲ ਕਰਦੇ ਹਨ ਅਤੇ ਬਾਅਦ ‘ਚ ਵਿਦੇਸ਼ ਚਲੇ ਜਾਂਦੇ ਹਨ। ਪੰਜਾਬ ਦੇ ਵੱਖ-ਵੱਖ ਡਿਗਰੀ ਕਾਲਜਾਂ ‘ਚ ਵਿਦਿਆਰਥੀਆਂ ਦੀ ਗਿਣਤੀ ਔਸਤਨ 45 ਫ਼ੀਸਦੀ ਤੱਕ ਘਟੀ ਹੈ। ਅਮੀਰ ਪਰਿਵਾਰ ਦੇ ਬੱਚੇ ਵੀ ਵਿਦੇਸ਼ ਜਾ ਕੇ ਮਜ਼ਦੂਰੀ, ਡਰਾਈਵਰੀ ਅਤੇ ਵੇਟਰ ਦਾ ਕੰਮ ਕਰਨ ਨੂੰ ਪਹਿਲ ਦੇ ਰਹੇ ਹਨ।

Leave a comment