#PUNJAB

ਪੰਜਾਬ ਤੇ ਅਕਾਲੀ ਸਿਆਸਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿਆਸਤਦਾਨ ਸਨ ਪ੍ਰਕਾਸ਼ ਸਿੰਘ ਬਾਦਲ

ਵੀਹਵੀਂ ਸਦੀ ਦੇ ਆਖਰੀ ਤਿੰਨ ਦਹਾਕਿਆਂ ਦੌਰਾਨ ਪੰਜਾਬ ਅਤੇ ਅਕਾਲੀ ਸਿਆਸਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਮੁਹਾਲੀ ਵਿਚ ਦੇਹਾਂਤ ਹੋ ਗਿਆ। ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦੇ ਸਿਆਸੀ ਸਫਰ ਨੂੰ ਬਿਆਨ ਕਰਦਿਆਂ ਉੱਘੇ ਰਾਜਨੀਤਕ ਵਿਦਵਾਨ ਪਰਮੋਦ ਕੁਮਾਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਜਿਹੇ ਸਿਆਸਤਦਾਨ ਸਨ, ਜਿਨ੍ਹਾਂ ਨੇ ਪੰਜਾਬ ਦੇ ਸਭ ਵਰਗਾਂ ਵਿਚਕਾਰ ਇੱਕ ਪੁਲ ਦਾ ਕੰਮ ਕੀਤਾ; ਸਾਂਝਾਂ ਵਧਾਈਆਂ। ਉਹ ਸਿਆਸਤ ਵਿਚ ਖੁਸ਼ਦਿਲੇ ਅਤੇ ਉਦਾਰਵਾਦੀ ਸਨ ਅਤੇ ਜ਼ਮੀਨ ਨਾਲ ਜੁੜੇ ਹੋਏ ਸਿਆਸਤਦਾਨ ਸਨ। ਪਰਮੋਦ ਕੁਮਾਰ ਅਨੁਸਾਰ ਪੰਜਾਬ ਦੀ ਸਿਆਸਤ ਪਰੰਪਰਾ ਵ੍ਰਿਚ ਲੋਕਾਂ ਅਤੇ ਸਿਆਸੀ ਕਾਰਕੁਨਾਂ ਨਾਲ ਡੂੰਘਾ ਰਾਬਤਾ ਰੱਖਣ ਵਾਲੇ ਸਿਆਸਤਦਾਨਾਂ ਦੀ ਰਵਾਇਤ ਵਿਚ ਉਹ ਆਖਰੀ ਸਿਆਸਤਦਾਨ ਸਨ, ਜਿਨ੍ਹਾਂ ਨੇ ਲੋਕਾਂ ਨਾਲ ਵੱਡੇ ਪੱਧਰ ‘ਤੇ ਸੰਪਰਕ ਕਾਇਮ ਕੀਤਾ। ਉਨ੍ਹਾਂ ਪੰਥਕ ਸਿਆਸਤ ਨੂੰ ਨਵੇਂ ਆਯਾਮ ਦਿੱਤੇ ਅਤੇ ਸਿੱਖ ਭਾਈਚਾਰੇ ਨੂੰ ਉਦਾਰਵਾਦੀ ਸਿਆਸਤ ਨਾਲ ਜੋੜਿਆ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਨੇ 1996 ਵਿਚ ਨਵੀਂ ਰਣਨੀਤੀ ਅਪਣਾਈ। ਮੋਗਾ ਵਿਚ ਕੀਤੇ ਸਾਂਝੇ ਐਲਾਨਨਾਮੇ ਵਿਚ ਇਹ ਰੂਪ-ਰੇਖਾ ਉਲੀਕੀ ਗਈ ਕਿ ਪੰਜਾਬ ਨਾਲ ਹੋ ਰਿਹਾ ਅਨਿਆਂ ਸਿਰਫ ਸਿੱਖਾਂ ਅਤੇ ਅਕਾਲੀਆਂ ਨਾਲ ਹੋ ਰਿਹਾ ਅਨਿਆਂ ਨਹੀਂ ਹੈ, ਸਗੋਂ ਸਮੂਹ ਪੰਜਾਬੀਆਂ ਨਾਲ ਹੋ ਰਿਹਾ ਅਨਿਆਂ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ 1996 ਵਿਚ ਕੀਤੇ ਸਾਂਝੇ ਐਲਾਨਨਾਮੇ ਨਾਲ ਪੰਜਾਬ ਦੀ ਸਿਆਸਤ ਵਿਚ ਇੱਕ ਨਵਾਂ ਯੁੱਗ ਸ਼ੁਰੂ ਹੋਇਆ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਸਾਂਝਾ ਰਾਜਸੀ ਮੰਚ ਅਪਣਾਇਆ। ਬਹੁਤ ਸਾਰੇ ਲੋਕ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਲਈ ਵੀ ਯਾਦ ਕਰਨਗੇ ਕਿ ਉਨ੍ਹਾਂ ਵਿਚ ਆਪਣੇ ਆਲੋਚਕਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਮਾਣ-ਸਨਮਾਨ ਦੇਣ ਦੀ ਸਮਰੱਥਾ ਸੀ। 1977 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਥਾਪਤ ਹੋਈ ਸਰਕਾਰ ਨੇ ਇੱਕ ਜਮਹੂਰੀ ਸਰਕਾਰ ਵਜੋਂ ਨਾਮਣਾ ਖੱਟਿਆ। ਉਸ ਸਰਕਾਰ ਦੀ ਫੋਕਲ ਪੁਆਇੰਟ ਵਧਾਉਣ ਦੀ ਸਕੀਮ ਬੇਹੱਦ ਮਕਬੂਲ ਹੋਈ। ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੇ ਦਿਲ ਵਾਲੇ ਸਿਆਸਤਦਾਨ ਵਜੋਂ ਵੀ ਯਾਦ ਕੀਤਾ ਜਾਵੇਗਾ ਕਿਉਂਕਿ ਉਹ ਹਰ ਤਰ੍ਹਾਂ ਦੀ ਆਲੋਚਨਾ ਨੂੰ ਸਹਾਰਨ ਦੀ ਸਮਰੱਥਾ ਰੱਖਦੇ ਸਨ। ਉਨ੍ਹਾਂ ਦੀ 1980ਵਿਆਂ ਦੀ ਸਿਆਸਤ ਦੇ ਦੌਰ ਨੂੰ ਲੋਕ ਕਈ ਤਰ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਵੇਖਦੇ ਹਨ ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਸਿੱਖ-ਹਿੰਦੂ ਏਕਤਾ ਦੇ ਵੱਡੇ ਪੈਰੋਕਾਰ ਸਨ; ਉਹ ਜਾਣਦੇ ਸਨ ਕਿ ਇਨ੍ਹਾਂ ਦੋਵਾਂ ਭਾਈਚਾਰਿਆਂ ਨੂੰ ਇਕੱਠਿਆਂ ਕਰਨਾ ਪਵੇਗਾ। ਉਹ ਪੰਜਾਬੀਅਤ ਅਤੇ ਪੰਜਾਬ ਦੇ ਹਿੱਤਾਂ ‘ਤੇ ਪਹਿਰਾ ਦੇਣ ਵਾਲੇ ਸਨ। ਭਾਵੇਂ ਉਹ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਜਾਂ ਪੰਜਾਬ ਨਾਲ ਜੁੜਿਆ ਕੋਈ ਹੋਰ ਮਸਲਾ। ਉਹ ਹਰ ਮਸਲੇ ਦਾ ਹੱਲ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਲੱਭਣਾ ਚਾਹੁੰਦੇ ਸਨ। ਉਹ ਬਦਲਾਲਊ ਸਿਆਸਤ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ। ਉਨ੍ਹਾਂ ਦਾ ਇਸ ਦੁਨੀਆ ਤੋਂ ਚਲੇ ਜਾਣਾ ਅਕਾਲੀ ਦਲ ਦੀ ਸਿਆਸਤ ਲਈ ਅਹਿਮ ਸਵਾਲ ਖੜ੍ਹੇ ਕਰਦਾ ਹੈ: ਕੀ ਅਕਾਲੀ ਦਲ ਦੀ ਸਿਆਸਤ ਆਪਣੇ ਪੁਰਾਣੇ ਮਾਣ-ਸਨਮਾਨ ਨੂੰ ਪ੍ਰਾਪਤ ਕਰ ਸਕੇਗੀ? ਉਨ੍ਹਾਂ ਦੇ ਸਿਆਸੀ ਵਾਰਸ ਉਨ੍ਹਾਂ ਦੇ ਬਰਾਬਰ ਪਹੁੰਚ ਸਕਣਗੇ? ਕੀ ਅਕਾਲੀ ਦਲ ਦੀ ਸਿਆਸਤ ਉਸ ਸਿਖਰ ਤੱਕ ਪਹੁੰਚ ਸਕੇਗੀ, ਜੋ ਪ੍ਰਕਾਸ਼ ਸਿੰਘ ਬਾਦਲ ਦੇ ਸਮਿਆਂ ਵਿਚ ਪਹੁੰਚੀ ਸੀ? ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਕਾਇਮ ਰੱਖਣ ਦੀ ਲੜਾਈ ਲੜ ਰਿਹਾ ਹੈ। ਇਨ੍ਹਾਂ ਸਮਿਆਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੇ ਚਲੇ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੀ ਸਿਆਸਤ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਉੱਘੇ ਰਾਜਨੀਤਕ ਵਿਸ਼ਲੇਸ਼ਕ ਜਗਰੂਪ ਸਿੰਘ ਸੇਖੋਂ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਤੇ ਦਿਹਾਤੀ ਗਰੀਬ ਲੋਕਾਂ ਦੇ ਵੱਡੇ ਹਮਦਰਦ ਰਹੇ। 1970 ਵਿਚ ਪਹਿਲੀ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਬਹੁਤ ਜਟਿਲ ਸੀ। ਪੰਥਕ ਸਿਆਸਤ ਵਿਚ ਇਸ ਸਮੇਂ ਉਦਾਸੀ ਤੇ ਖ਼ਲਾਅ ਹੈ। ਪ੍ਰਮੁੱਖ ਸੁਆਲ ਹੈ ਕਿ ਉਸ ਖ਼ਲਾਅ ਨੂੰ ਕੌਣ ਪੂਰਾ ਕਰੇਗਾ।

Leave a comment