#PUNJAB

ਪੰਜਾਬ ਜ਼ਿਮਨੀ ਚੋਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਮਰਕੱਸੇ

-ਗਿੱਦੜਬਾਹਾ, ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ‘ਚ ਹੋਣੀ ਹੈ ਜ਼ਿਮਨੀ ਚੋਣ
ਜਲੰਧਰ, 28 ਅਗਸਤ (ਪੰਜਾਬ ਮੇਲ)- ਪੰਜਾਬ ‘ਚ 4 ਵਿਧਾਨ ਸਭਾ ਸੀਟਾਂ ਦੀਆਂ ਪ੍ਰਸਤਾਵਤ ਉਪ-ਚੋਣਾਂ ਦੀਆਂ ਤਿਆਰੀਆਂ ‘ਚ ਸਿਆਸੀ ਪਾਰਟੀਆਂ ਜੁਟ ਗਈਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਤਿਉਹਾਰੀ ਸੀਜ਼ਨ ਖਤਮ ਹੋਣ ਉਪਰੰਤ ਕੇਂਦਰੀ ਚੋਣ ਕਮਿਸ਼ਨ ਵੱਲੋਂ ਇਹ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਪੰਜਾਬ ‘ਚ ਲੋਕ ਸਭਾ ਚੋਣਾਂ ਦੌਰਾਨ 4 ਵਿਧਾਇਕਾਂ ਦੇ ਸੰਸਦ ਮੈਂਬਰ ਚੁਣੇ ਜਾਣ ਕਾਰਨ ਵਿਧਾਨ ਸਭਾ ਸੀਟਾਂ ਖਾਲੀ ਪਈਆਂ ਹਨ। ਇਨ੍ਹਾਂ ਸੀਟਾਂ ਵਿਚ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਸੀਟਾਂ ਸ਼ਾਮਲ ਹਨ।
ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ, ਜਦੋਂਕਿ ਬਰਨਾਲਾ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸੇ ਤਰ੍ਹਾਂ ਚੱਬੇਵਾਲ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਡਾ. ਰਾਜਕੁਮਾਰ ਚੱਬੇਵਾਲ ਵੀ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਡੇਰਾ ਬਾਬਾ ਨਾਨਕ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੀ ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ।
ਹੁਣ ਗਿੱਦੜਬਾਹਾ ਸੀਟ ਨੂੰ ਲੈ ਕੇ ਪਹਿਲਾਂ ਤੋਂ ਹੀ ਘਮਾਸਾਨ ਸ਼ੁਰੂ ਹੋ ਚੁੱਕਿਆ ਹੈ। ਸਿਆਸੀ ਪਾਰਟੀਆਂ ਨੂੰ ਇਸ ਵੇਲੇ ਉਮੀਦਵਾਰਾਂ ਦੀ ਭਾਲ ਹੈ ਕਿਉਂਕਿ ਉਪ-ਚੋਣਾਂ ਵਿਚ ਵੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਖੂਬ ਪਸੀਨਾ ਵਹਾਉਣਾ ਪਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮਜ਼ਬੂਤ ਉਮੀਦਵਾਰਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜੇ ਸਿਰਫ ਗਿੱਦੜਬਾਹਾ ਸੀਟ ‘ਤੇ ਖੇਡ ਸ਼ੁਰੂ ਹੋਈ ਹੈ। ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਦੀ ਸੁਖਬੀਰ ਤੇ ਅਕਾਲੀ ਦਲ ਦੇ ਨਾਲ ਨਾਰਾਜ਼ਗੀ ਪੈਦਾ ਹੋ ਗਈ ਸੀ ਕਿਉਂਕਿ ਉਹ ਅਕਾਲੀ ਦਲ ਵੱਲੋਂ ਕਾਫੀ ਸਮੇਂ ਤੋਂ ਇਸ ਵਿਧਾਨ ਸਭਾ ਹਲਕੇ ਵਿਚ ਸਰਗਰਮ ਸਨ। ਹੋਰ ਵਿਧਾਨ ਸਭਾ ਸੀਟਾਂ ‘ਤੇ ਖੇਡ ਅਜੇ ਸ਼ੁਰੂ ਹੋਣੀ ਹੈ ਅਤੇ ਜੋੜ-ਤੋੜ ਦੀ ਰਾਜਨੀਤੀ ਭਖ ਜਾਵੇਗੀ। ਇਹ ਚਾਰੇ ਸੀਟਾਂ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਕਾਫੀ ਅਹਿਮ ਹਨ ਕਿਉਂਕਿ ਜੇ ਇਨ੍ਹਾਂ ਸੀਟਾਂ ‘ਤੇ ਉਸ ਦੀ ਜਿੱਤ ਹੁੰਦੀ ਹੈ, ਤਾਂ ਇਸ ਦਾ ਅਸਰ ਕਾਰਪੋਰੇਸ਼ਨ ਚੋਣਾਂ ‘ਤੇ ਪਵੇਗਾ। ਵਿਰੋਧੀ ਪਾਰਟੀਆਂ ਵੀ ਇਹ ਗੱਲ ਚੰਗੀ ਤਰ੍ਹਾਂ ਸਮਝਦੀਆਂ ਹਨ, ਇਸੇ ਲਈ ਇਨ੍ਹਾਂ ਸੀਟਾਂ ਨੂੰ ਲੈ ਕੇ ਕਾਫੀ ਭੱਜ-ਦੌੜ ਹੋਣ ਦੇ ਆਸਾਰ ਹਨ।