#PUNJAB

ਪੰਜਾਬ ‘ਚ ਹੜ੍ਹਾਂ ਦਾ ਸਥਿਤੀ ਹੋਈ ਗੰਭੀਰ

* ਭਾਖੜਾ ਡੈਮ ਤੋਂ ਛੱਡਿਆ ਜਾ ਰਿਹੈ ਪਾਣੀ

* ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ
* ਡੈਮ ਪ੍ਰਬੰਧਨ ਵੱਲੋਂ ਅਲਰਟ ਜਾਰੀ
* ਮੌਸਮ ਵਿਗਿਆਨੀਆਂ ਵੱਲੋਂ 13 ਅਤੇ 14 ਜੁਲਾਈ ਨੂੰ ਮੁੜ ਮੀਂਹ ਦੀ ਪੇਸ਼ੀਨਗੋਈ
* ਘੱਗਰ ਅਤੇ ਸਤਲੁਜ ਦਰਿਆਵਾਂ ‘ਚ ਪਾਣੀ ਦਾ ਪੱਧਰ ਵਧਣ ਕਾਰਨ ਹਾਲਾਤ ਹੋਏ ਬੇਕਾਬੂ
* ਮੌਸਮ ਵਿਭਾਗ ਵੱਲੋਂ 9 ਜ਼ਿਲ੍ਹਿਆਂ ‘ਚ ਰੈੱਡ ਅਲਰਟ
* ਐੱਨ.ਡੀ.ਆਰ.ਐੱਫ., ਫੌਜ, ਪੁਲਿਸ ਅਤੇ ਪ੍ਰਸ਼ਾਸਨ ਰਾਹਤ ਕਾਰਜਾਂ ‘ਚ ਜੁਟੇ
ਚੰਡੀਗੜ੍ਹ, 12 ਜੁਲਾਈ (ਪੰਜਾਬ ਮੇਲ)-ਪੰਜਾਬ ‘ਚ ਮੀਂਹ ਕਾਰਨ ਵਿਗੜੇ ਹਾਲਾਤਾਂ ਦਰਮਿਆਨ ਸੂਬੇ ਦੇ ਲੋਕਾਂ ਨੂੰ ਹਾਲੇ ਗੰਭੀਰ ਸਥਿਤੀ ਦਾ ਹੋਰ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਖੜਾ ਡੈਮ ਤੋਂ ਅਜੇ ਹੋਰ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸੂਬੇ ‘ਚ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਨੰਗਲ ਡੈਮ ਮੈਨੇਜਮੈਂਟ ਨੇ 35000 ਕਿਊਸਿਕ ਪਾਣੀ ਛੱਡਣ ਦੀ ਯੋਜਨਾ ਬਣਾਈ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਕਈ ਹੋਰ ਇਲਾਕੇ ਵੀ ਹੜ੍ਹਾਂ ਦੀ ਮਾਰ ਹੇਠ ਆ ਸਕਦੇ ਹਨ। ਦਰਅਸਲ, ਨੰਗਲ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਦੇ ਚੱਲਦਿਆਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।

ਪਟਿਆਲਾ ਦੀ ਗੋਪਾਲ ਕਾਲੋਨੀ ‘ਚ ਭਰੇ ਪਾਣੀ ‘ਚੋਂ ਲੋਕਾਂ ਨੂੰ ਕਿਸ਼ਤੀ ਰਾਹੀਂ ਬਾਹਰ ਕੱਢਦੇ ਹੋਏ ਫ਼ੌਜ ਦੇ ਜਵਾਨ।

ਡੈਮ ਪ੍ਰਬੰਧਨ ਨੇ ਅਲਰਟ ਜਾਰੀ ਕੀਤਾ ਹੈ ਕਿ ਇਹ ਪਾਣੀ 13 ਜੁਲਾਈ ਨੂੰ ਸਵੇਰੇ 10 ਵਜੇ ਛੱਡਿਆ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਛੱਡੇ ਗਏ ਪਾਣੀ ਦੌਰਾਨ ਕਈ ਜ਼ਿਲ੍ਹਿਆਂ ‘ਚ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ ਅਤੇ ਲੋਕ ਸੜਕਾਂ ‘ਤੇ ਰਹਿਣ ਲਈ ਮਜਬੂਰ ਹਨ। ਦੂਜੇ ਪਾਸੇ ਇਸ ਸਭ ਦੇ ਵਿਚਾਲੇ ਜੇਕਰ ਭਾਖੜਾ ਡੈਮ ਤੋਂ ਹੋਰ ਪਾਣੀ ਛੱਡਿਆ ਜਾਂਦਾ ਹੈ, ਤਾਂ ਸੂਬੇ ਦੀ ਹਾਲਤ ਬਦ ਤੋਂ ਬਦਤਰ ਹੋ ਸਕਦੀ ਹੈ।

ਪਟਿਆਲਾ ਦੀ ਰਿਸ਼ੀ ਕਾਲੋਨੀ ‘ਚ ਇਕ ਬੱਚਾ ਹੜ੍ਹ ਪੀੜਤ ਨੂੰ ਪ੍ਰਸ਼ਾਦੇ ਵੰਡਦਾ ਹੋਇਆ।

ਪੰਜਾਬ ‘ਚ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ‘ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ।

ਰਾਜਪੁਰਾ ਨੇੜੇ ਘਰ ‘ਚ ਆਏ ਪਾਣੀ ‘ਚੋਂ ਇਕ ਬੱਚੇ ਨੂੰ ਕੱਢ ਕੇ ਬਾਹਰ ਲਿਆਉਂਦਾ ਹੋਇਆ ਫੌਜੀ।

ਗੁਰੂ ਘਰਾਂ ਵਿਚੋਂ ਲੋਕਾਂ ਨੂੰ ਚੌਕਸ ਕਰਨ ਲਈ ਅਨਾਊਂਸਮੈਂਟਾਂ ਹੋ ਰਹੀਆਂ ਹਨ। ਘੱਗਰ ਨੇੜੇ ਨੀਵੇਂ ਥਾਂ ਉਤੇ ਬੈਠੇ ਲੋਕਾਂ ਨੂੰ ਦੂਰ ਜਾਣ ਲਈ ਆਖਿਆ ਜਾ ਰਿਹਾ ਹੈ। ਬੀਤੇ ਦਿਨ ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ ਹੈ। ਮੌਸਮ ਵਿਭਾਗ ਨੇ ਪਟਿਆਲਾ, ਰੋਪੜ, ਮੁਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। 13 ਅਤੇ 14 ਜੁਲਾਈ ਨੂੰ ਮੁੜ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਜਲੰਧਰ ਦੇ ਲੋਹੀਆਂ ਨੇੜੇ ਹੜ੍ਹਾਂ ਕਾਰਨ ਬੇਘਰ ਹੋਏ ਲੋਕ ਆਪਣੇ ਸਾਮਾਨ ਨਾਲ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਖੜ੍ਹੇ ਹੋਏ।

ਜ਼ਿਕਰਯੋਗ ਹੈ ਕਿ ਪੰਜਾਬ ‘ਚ ਮੀਂਹ ਕਾਰਨ ਕਰੀਬ ਅੱਧੇ ਪੰਜਾਬ ‘ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਤੇਜ਼ ਮੀਂਹ ਅਤੇ ਪਾਣੀ ਦੇ ਵਹਾਅ ਨੇ 9 ਜਾਨਾਂ ਲੈ ਲਈਆਂ ਹਨ ਅਤੇ ਦਰਜਨਾਂ ਪਸ਼ੂ ਵੀ ਲਪੇਟ ਵਿਚ ਆ ਗਏ ਹਨ। ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ‘ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ। ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਪਾਣੀ ‘ਚ ਡੁੱਬ ਗਿਆ ਹੈ।

ਜਲੰਧਰ ਨੇੜੇ ਸਤਲੁਜ ‘ਚ ਪਿਆ ਪਾੜ ਪੂਰਦੇ ਹੋਏ ਇਲਾਕਾ ਵਾਸੀ।

ਵੇਰਵਿਆਂ ਅਨੁਸਾਰ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ‘ਚ ਕਰੀਬ 100 ਤੋਂ ਜ਼ਿਆਦਾ ਪਿੰਡ ਖ਼ਾਲੀ ਕਰਵਾਏ ਜਾ ਰਹੇ ਹਨ। ਕੌਮੀ ਆਫ਼ਤ ਪ੍ਰਬੰਧਨ ਬਲ ਦੀਆਂ 14 ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ, ਜਦੋਂਕਿ ਪਟਿਆਲਾ ਜ਼ਿਲ੍ਹੇ ਵਿਚ ਫ਼ੌਜ ਦੀ ਮਦਦ ਲਈ ਗਈ ਹੈ। ਸਤਲੁਜ ਦਰਿਆ ਦੇ ਪਾਣੀ ਦੇ ਵਹਾਅ ‘ਚ ਜ਼ਿਲ੍ਹਾ ਮੋਗਾ ਦੇ ਪਿੰਡ ਸੰਘੇੜਾ ਦਾ ਮਲੂਕ ਸਿੰਘ (65) ਰੁੜ ਗਿਆ, ਜੋ ਗੂੰਗਾ ਅਤੇ ਬੋਲਾ ਸੀ। ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਪੋਜੇਵਾਲ ਅਤੇ ਰਾਹੋਂ ਖ਼ਿੱਤੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਲਾਲੜੂ ਦੇ ਨਜ਼ਦੀਕੀ ਪਿੰਡ ਜੌਲਾ ਕਲਾਂ ਨੇੜੇ ਇੱਕ ਨੌਜਵਾਨ ਮੁਨੀਸ਼ ਕੁਮਾਰ (30) ਮੋਟਰਸਾਈਕਲ ਸਮੇਤ ਬਰਸਾਤੀ ਚੋਅ ਦੇ ਤੇਜ਼ ਰਫ਼ਤਾਰ ਪਾਣੀ ਵਿਚ ਰੁੜ੍ਹ ਗਿਆ, ਜਿਸ ਦੀ ਡੁੱਬਣ ਕਾਰਨ ਮੌਤ ਹੋ ਗਈ।
ਇਸ ਤੋਂ ਪਹਿਲਾਂ ਐਤਵਾਰ ਨੂੰ ਨੂਰਪੁਰ ਬੇਦੀ ਦੇ ਪਿੰਡ ਖੱਡ ਬਠਲੌਰ ਦਾ ਸਤਵਿੰਦਰ ਸਿੰਘ ਢਿੱਗ ਦੀ ਮਾਰ ਹੇਠ ਆ ਕੇ ਜਾਨ ਤੋਂ ਹੱਥ ਧੋ ਬੈਠਾ ਸੀ, ਜਦਕਿ ਇੱਕ ਅਣਪਛਾਤਾ ਸਾਧੂ ਪਿੰਡ ਸਮੁੰਦੜੀਆਂ ਕੋਲ ਪਾਣੀ ਵਿਚ ਰੁੜ ਗਿਆ ਸੀ।
ਰੋਪੜ, ਮੁਹਾਲੀ, ਪਟਿਆਲਾ, ਸੰਗਰੂਰ, ਮੋਗਾ ਅਤੇ ਲੁਧਿਆਣਾ ਵਿਚ ਸਭ ਤੋਂ ਵੱਧ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਘੱਗਰ ਅਤੇ ਸਤਲੁਜ ਦੇ ਨੇੜਲੇ ਇਲਾਕਿਆਂ ‘ਚ ਹਜ਼ਾਰਾਂ ਏਕੜ ਰਕਬਾ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਿਆ ਹੈ। ਰਾਵੀ ‘ਚੋਂ 1.80 ਲੱਖ ਕਿਊਸਿਕ ਅਤੇ ਹਰੀਕੇ ਹੈੱਡ ਤੋਂ ਪਾਣੀ ਛੱਡਿਆ ਗਿਆ ਹੈ। ਸਤਲੁਜ ਦਰਿਆ ਦੇ ਕਿਨਾਰੇ ਬਣੇ ਧੁੱਸੀ ਬੰਨ੍ਹ ਵਿਚ ਵੀ ਪਾੜ ਪੈ ਗਿਆ ਹੈ। ਇਸੇ ਤਰ੍ਹਾਂ ਨਰਵਾਣਾ ਬਰਾਂਚ, ਸਿਸਵਾਂ ਅਤੇ ਮੁਹਾਲੀ ਨੇੜੇ ਟਿਵਾਣਾ ‘ਚ ਵੀ ਪਾੜ ਪੈ ਗਿਆ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਵਿਚ ਕਈ ਥਾਵਾਂ ‘ਤੇ ਪਾੜ ਪੈਣ ਕਾਰਨ ਫ਼ਸਲਾਂ ਡੁੱਬ ਗਈਆਂ ਹਨ। ਹੁਸੈਨੀਵਾਲਾ ਹੈੱਡ ਤੋਂ ਪਾਣੀ ਛੱਡਣ ਨਾਲ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪਿੰਡਾਂ ਨੂੰ ਖ਼ਾਲੀ ਕਰਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਰਾਹਤ ਕੈਂਪ ਬਣਾਏ ਗਏ ਹਨ। ਰੋਪੜ ਅਤੇ ਮੁਹਾਲੀ ਜ਼ਿਲ੍ਹਾ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ। ਫਿਲੌਰ ਦੀ ਪੀ.ਏ.ਪੀ. ਅਕੈਡਮੀ ਵਿਚ ਪਾਣੀ ਭਰਨ ਕਾਰਨ ਕਈ ਵਾਹਨ ਡੁੱਬ ਗਏ। ਪਟਿਆਲਾ ਦੀ ਪੁਲਿਸ ਅਕੈਡਮੀ ਵੀ ਪਾਣੀ ਦੀ ਮਾਰ ਹੇਠ ਆਈ ਹੈ। ਹੁਸ਼ਿਆਰਪੁਰ ਦੇ ਪਿੰਡ ਮੈਲੀ ਕੋਲ ਡੈਮ ਦੇ ਓਵਰਫ਼ਲੋਅ ਹੋਣ ਕਾਰਨ ਦੋ ਦਰਜਨ ਪਿੰਡਾਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਰਾਜਪੁਰਾ ਥਰਮਲ ਪਲਾਂਟ ਵਿਚ ਪਾਣੀ ਦਾਖ਼ਲ ਹੋਣ ਕਾਰਨ ਇੱਕ ਯੂਨਿਟ ਬੰਦ ਕਰਨਾ ਪਿਆ ਹੈ।
ਇਸ ਦੌਰਾਨ ਘੱਗਰ ਨੇ ਪਟਿਆਲਾ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਫਿਲੌਰ ਦੀ ਪੀ.ਏ.ਪੀ. ਅਕੈਡਮੀ ਵਿਚ ਪਾਣੀ ਭਰਨ ਕਾਰਨ ਕਈ ਵਾਹਨ ਡੁੱਬ ਗਏ। ਪਟਿਆਲਾ ਦੀ ਪੁਲਿਸ ਅਕੈਡਮੀ ਵੀ ਪਾਣੀ ਦੀ ਮਾਰ ਹੇਠ ਆਈ ਹੈ। ਹੁਸ਼ਿਆਰਪੁਰ ਦੇ ਪਿੰਡ ਮੈਲੀ ਕੋਲ ਡੈਮ ਦੇ ਓਵਰਫ਼ਲੋਅ ਹੋਣ ਕਾਰਨ ਦੋ ਦਰਜਨ ਪਿੰਡਾਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਰਾਜਪੁਰਾ ਥਰਮਲ ਪਲਾਂਟ ਵਿਚ ਪਾਣੀ ਦਾਖ਼ਲ ਹੋਣ ਕਾਰਨ ਇੱਕ ਯੂਨਿਟ ਬੰਦ ਕਰਨਾ ਪਿਆ ਹੈ।

 

 

 

 

ਕੈਪਸ਼ਨ
ਪੰਜਾਬ ਪੁਲਿਸ ਅਕੈਡਮੀ ਫਿਲੌਰ ‘ਚ ਸੋਮਵਾਰ ਨੂੰ ਆਏ ਸਤਲੁਜ ਦਰਿਆ ਦੇ ਪਾਣੀ ‘ਚ ਡੁੱਬੀਆਂ ਕਾਰਾਂ ਨੂੰ ਧੱਕਾ ਲਗਾ ਕੇ ਬਾਹਰ ਕੱਢਦੇ ਹੋਏ ਜਵਾਨ।

ਕੈਪਸ਼ਨ

ਕੈਪਸ਼ਨ

Leave a comment