#PUNJAB

ਪੰਜਾਬ ‘ਚ ਹਾਲਾਤ ਗੰਭੀਰ,ਪਟਿਆਲਾ ‘ਚ ਫੌਜ ਸੱਦੀ

ਪਟਿਆਲਾ/ਚੰਡੀਗੜ੍ਹ, 10 ਜੁਲਾਈ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਅੱਜ ਲਗਾਤਾਰ ਤੀਸਰੇ ਦਿਨ ਮੀਂਹ ਪੈ ਰਿਹਾ ਹੈ। ਪਟਿਆਲਾ ‘ਚ ਹਾਲਾਤ ਗੰਭੀਰ ਹੋਣ ਕਾਰਨ ਫੌਜ ਸੱਦੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਕਾਰਨ ਰਾਜਪੁਰਾ ਕਸਬੇ ਵਿਚ ਸਤਲੁਜ ਯਮੁਨਾ ਲਿੰਕ (ਐੱਸ.ਵਾਈ.ਐੱਲ) ਨਹਿਰ ਵਿਚ ਪਾੜ ਪੈਣ ਕਾਰਨ ਪਾਣੀ ਓਵਰਫਲੋਅ ਹੋਣ ਤੋਂ ਬਾਅਦ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਜ ਦੀ ਮਦਦ ਮੰਗੀ ਗਈ। ਪਟਿਆਲ਼ਾ ਜ਼ਿਲ੍ਹੇ ਵਿਚ ਚਲਦੀਆਂ ਨਦੀਆਂ ਘੱਗਰ, ਪਟਿਆਲ਼ਾ ਨਦੀ, ਝੰਬੋ ਚੋਅ, ਮੀਰਾਂਪੁਰ ਚੋਅ ਵਿਚ ਪਾਣੀ ਆਉਣ ਕਰਕੇ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ, ਪਟਿਆਲ਼ਾ ਦੇ ਡੀ.ਸੀ. ਸਾਕਸੀ ਸਾਹਨੀ ਨੇ ਦੱਸਿਆ ਕਿ ਹਾਲਾਤਾਂ ਮੱਦੇਨਜ਼ਰ ਪਟਿਆਲ਼ਾ ਚ ਫ਼ੌਜ ਸੱਦ ਲਈ ਹੈ, ਐੱਸ.ਵਾਈ.ਐੱਲ. ‘ਚ ਪਾੜ ਪੈ ਗਿਆ ਹੈ, ਜਿੱਥੇ ਮੰਤਰੀ ਬਲਵੀਰ ਸਿੰਘ ਨੇ ਜਾਇਜ਼ਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਕੁਝ ਹੋਰ ਹਿੱਸਿਆਂ ਵਿਚ ਫੌਜ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਵਿਚ ਨਿੱਜੀ ਹਸਪਤਾਲ ਵਿਚ ਪਾਣੀ ਦਾਖਲ ਹੋ ਗਿਆ ਅਤੇ ਮਰੀਜ਼ਾਂ ਨੂੰ ਦੋ ਹੋਰ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ। ਪੰਜਾਬ ‘ਚ ਕਈ ਥਾਵਾਂ ‘ਤੇ ਰਜਬਾਹਿਆਂ ਅਤੇ ਛੋਟੀਆਂ ਨਹਿਰਾਂ ‘ਚ ਪਾੜ ਪੈ ਗਏ। ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਖੇਤਾਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਫਸਲਾਂ ਦਾ ਨੁਕਸਾਨ ਹੋਇਆ। ਸਤਲੁਜ ਅਤੇ ਘੱਗਰ ਦਰਿਆ ਦੇ ਨੇੜੇ ਜ਼ਮੀਨਾਂ ਪਾਣੀ ‘ਚ ਡੁੱਬ ਗਈਆਂ। ਪੰਜਾਬ ‘ਚ ਕਈ ਥਾਵਾਂ ‘ਤੇ ਪਾਣੀ ਘਰਾਂ ‘ਚ ਵੜ ਗਿਆ ਅਤੇ ਕਈ ਥਾਵਾਂ ‘ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੌਨਸੂਨ ਮੀਂਹ ਕਾਰਨ ਦੋਵਾਂ ਰਾਜਾਂ ਵਿਚ ਮੁੱਖ ਸੜਕਾਂ ‘ਤੇ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਨੇ ਪਹਿਲਾਂ ਕਿਹਾ ਸੀ ਕਿ ਸੰਭਾਵੀ ਹੜ੍ਹਾਂ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀਆਂ ਕਈ ਟੀਮਾਂ ਵੀ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਮੁਹਾਲੀ, ਰੂਪਨਗਰ ਅਤੇ ਫਤਹਿਗੜ੍ਹ ਸਾਹਿਬ ਤੇ ਪਟਿਆਲਾ ਸ਼ਾਮਲ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿਨ ਦੇ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਅਤੇ ਗ੍ਰਹਿ, ਆਫ਼ਤ ਪ੍ਰਬੰਧਨ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਬੁਲਾਈ। ਸ਼੍ਰੀ ਖੱਟਰ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬਾਅਦ ਵਿਚ ਮੀਟਿੰਗ ਵੀ ਕਰਨਗੇ।

Leave a comment