#PUNJAB

ਪੰਜਾਬ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨਾਂ ਦੀ ਨਵੀਂ ਜਥੇਬੰਦੀ ਹੋਂਦ ‘ਚ ਆਈ

ਲੌਂਗੋਵਾਲ, 11 ਫਰਵਰੀ (ਪੰਜਾਬ ਮੇਲ)- ਅੱਜ ਇਥੇ ਪੰਜਾਬ ਭਰ ਦੇ ਕਿਸਾਨਾਂ ਦੇ ਵਿਸ਼ਾਲ ਇਕੱਠ ਦੌਰਾਨ ਨਵੀਂ ਕਿਸਾਨ ਜਥੇਬੰਦੀ ਹੋਂਦ ਵਿਚ ਆਈ ਹੈ। ਨਵੀਂ ਜਥੇਬੰਦੀ ਦਾ ਨਾਮ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਰੱਖਿਆ ਗਿਆ ਹੈ ਅਤੇ ਇਸ ਦੇ ਗਠਨ ਦਾ ਮੁੱਢ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਬਰਖਾਸਤਗੀ ਤੋਂ ਬਾਅਦ ਬੱਝਿਆ ਹੈ। ਅੱਜ ਮੰਚ ਤੋਂ ਨਵੇਂ ਕਿਸਾਨ ਸੰਗਠਨ ਦਾ ਝੰਡਾ, ਬੈਜ ਅਤੇ ਸ਼ੋਸ਼ਲ ਮੀਡੀਆ ਪੇਜ ਜਾਰੀ ਕੀਤਾ ਗਿਆ ਅਤੇ 9 ਮੈਂਬਰੀ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਵਿਚ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਮਨਜੀਤ ਸਿੰਘ ਨਿਆਲ, ਗੁਰਮੇਲ ਸਿੰਘ ਮਹੌਲੀ, ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਗੁਰਪ੍ਰੀਤ ਕੌਰ ਬਰਾਸ, ਦੇਵਿੰਦਰ ਕੌਰ ਹਰਦਾਸਪੁਰਾ ਅਤੇ ਬਲਜੀਤ ਕੌਰ ਕਿਲ੍ਹਾ ਭਰੀਆਂ ਦੇ ਨਾਮ ਸ਼ਾਮਲ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਜਥੇਬੰਦੀ ਦੇ ਵਿਧਾਨ ਤੋਂ ਉਲਟ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਜਥੇਬੰਦੀ ‘ਚ ਚੱਲ ਰਹੇ ਗਲਤ ਵਰਤਾਰੇ ਦੀ ਡੱਟ ਕੇ ਮੁਖਾਲਫ਼ਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬਰਖਾਸਤਗੀ ਤੋਂ ਬਾਅਦ ਸਮੁੱਚੇ ਪੰਜਾਬ ਦੇ ਕਿਸਾਨਾਂ ਦੇ ਫਤਵੇ ਅਨੁਸਾਰ ਉਨ੍ਹਾਂ ਪੰਜਾਬ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲੈਣ ਉਪਰੰਤ ਹੀ ਨਵੇਂ ਸੰਗਠਨ ਦੇ ਗਠਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਥੇਬੰਦੀ ਕਿਸਾਨਾਂ ਦੀ ਮੰਗ ਤੇ ਕਿਸਾਨਾਂ ਵਲੋਂ ਕਿਸਾਨਾਂ ਲਈ ਹੀ ਹੋਂਦ ਵਿਚ ਲਿਆਂਦੀ ਗਈ ਹੈ। ਕਮੇਟੀ ਮੈਂਬਰ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ ਅਤੇ ਭਰਾਤਰੀ ਜਥੇਬੰਦੀਆਂ ਨਾਲ ਲੋਕ ਪੱਖੀ ਫੈਸਲਿਆਂ ਤੇ ਬੇਗਰਜ਼ ਤੇ ਬਿਨਾਂ ਸ਼ਰਤ ਹਮਾਇਤ ਕਰਨ ਅਤੇ ਸਾਂਝੇ ਸੰਘਰਸ਼ਾਂ ਵਲ ਪਹਿਲਕਦਮੀ ਕਰਦੇ ਰਹਾਂਗੇ। ਦਿਲਬਾਗ ਸਿੰਘ ਹਰੀਗੜ੍ਹ ਅਤੇ ਗੁਰਮੇਲ ਸਿੰਘ ਮਹੌਲੀ ਨੇ ਕਿਹਾ ਕਿ ਰੱਤ ਨਿਚੋੜ ਸਰਕਾਰੀ ਨੀਤੀਆਂ ਖਿਲਾਫ਼ ਪਿੰਡ ਪਿੰਡ ਲਹਿਰ ਖੜ੍ਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਗੁਰਪ੍ਰੀਤ ਕੌਰ ਬਰਾਸ, ਦੇਵਿੰਦਰ ਕੌਰ ਹਰਦਾਸਪੁਰਾ ਅਤੇ ਬਲਜੀਤ ਕੌਰ ਕਿਲ੍ਹਾ ਭਰੀਆਂ ਨੇ ਸੰਬੋਧਨ ਕੀਤਾ। ਇਸ ਮੌਕੇ ਰਾਮ ਸਰੂਪ ਕਿਲ੍ਹਾ ਭਰੀਆਂ, ਕੁਲਵਿੰਦਰ ਸਿੰਘ ਸੋਨੀ, ਗੁਰਵਿੰਦਰ ਸਿੰਘ ਸਦਰਪੁਰਾ, ਹੈਪੀ ਨਮੋਲ, ਲੀਲਾ ਸਿੰਘ ਚੋਟੀਆਂ, ਹਰਬੰਸ ਸਿੰਘ ਮੌੜ, ਕਰਨੈਲ ਸਿੰਘ ਜੱਸੇਕਾ, ਅਮਰ ਸਿੰਘ ਲੌਂਗੋਵਾਲ, ਮੱਖਣ ਸਿੰਘ ਪਾਪੜਾ, ਕਾਲਾ ਭੁੱਲਰ, ਬਲਜੀਤ ਸਿੰਘ ਬੱਲਰਾ, ਬਿੰਦਰ ਸਿੰਘ ਦਿੜ੍ਹਬਾ, ਬਾਬਾ ਗੁਰਬਚਨ ਸਿੰਘ ਕਿਲ੍ਹਾ, ਸਤਿਗੁਰ ਸਿੰਘ ਨਮੋਲ, ਨੰਬਰਦਾਰ ਪਰਮਜੀਤ ਸਿੰਘ, ਜਸਵੀਰ ਸਿੰਘ ਮੈਦੇਵਾਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਅਤੇ ਬੀਬੀਆਂ ਹਾਜ਼ਰ ਸਨ।

Leave a comment