ਜੇਲ੍ਹਾਂ ’ਚ ਸਮਰੱਥਾ ਘੱਟ, ਜਦਕਿ ਬੰਦੀਆਂ ਦਾ ਘੜਮੱਸ ਵੱਧ
ਚੰਡੀਗੜ੍ਹ, 17 ਮਾਰਚ (ਪੰਜਾਬ ਮੇਲ)- ਪੰਜਾਬ ਵਿੱਚ ਜੇਲ੍ਹਾਂ ਹੁਣ ਨੱਕੋ-ਨੱਕ ਭਰ ਗਈਆਂ ਹਨ। ਬੰਦੀਆਂ ਲਈ ਹੁਣ ਕਈ ਜੇਲ੍ਹਾਂ ਵਿਚ ਪੈਰ ਰੱਖਣ ਲਈ ਥਾਂ ਨਹੀਂ ਹੈ। ਜੇਲ੍ਹਾਂ ’ਚ ਸਮਰੱਥਾ ਘੱਟ ਹੈ, ਜਦਕਿ ਬੰਦੀਆਂ ਦਾ ਘੜਮੱਸ ਵੱਧ ਹੈ। ਵੱਡੀ ਗਿਣਤੀ ਵਿਚਾਰ ਅਧੀਨ ਬੰਦੀਆਂ ਦੀ ਹੈ। ਅੱਗੇ ਗਰਮੀ ਦਾ ਮੌਸਮ ਹੈ ਤੇ ਜੇਲ੍ਹਾਂ ਵਿਚ ਸਮਰੱਥਾ ਤੋਂ ਵੱਧ ਬੰਦੀ ਹਨ। ਸਰਕਾਰ ਨੂੰ ਨਵੀਆਂ ਮੁਸ਼ਕਲਾਂ ਤੇ ਚੁਣੌਤੀਆਂ ਨਾਲ ਨਜਿੱਠਣਾ ਪੈਣਾ ਹੈ। ਪੰਜਾਬ ਵਿਚ 25 ਜੇਲ੍ਹਾਂ ਹਨ, ਜਿਨ੍ਹਾਂ ਦੀ ਸਮਰੱਥਾ ਕੁੱਲ 26,904 ਬੰਦੀਆਂ ਦੀ ਹੈ, ਜਦੋਂਕਿ ਮੌਜੂਦਾ ਸਮੇਂ ਵਿੱਚ ਇਨ੍ਹਾਂ ਜੇਲ੍ਹਾਂ ’ਚ 30,477 ਬੰਦੀ ਹਨ। ‘ਆਪ’ ਸਰਕਾਰ ਦੇ ਇੱਕ ਵਰ੍ਹੇ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਨਸ਼ਿਆਂ ਦੀ ਤਸਕਰੀ ਖ਼ਿਲਾਫ਼ 13,094 ਪੁਲੀਸ ਕੇਸ ਦਰਜ ਕਰਕੇ 17,568 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੇਲ੍ਹਾਂ ਵਿੱਚ 85 ਫ਼ੀਸਦ ਕੈਦੀਆਂ ਦੀ ਉਮਰ 40 ਸਾਲ ਤੋਂ ਘੱਟ ਹੈ। ਇਨ੍ਹਾਂ ਦਾ ਅੰਕੜਾ 25,854 ਬਣਦਾ ਹੈ।
ਪੰਜਾਬ ਦੀਆਂ ਜੇਲ੍ਹਾਂ ਵਿਚ ਕਰੀਬ 3573 ਬੰਦੀ ਸਮਰੱਥਾ ਤੋਂ ਵੱਧ ਹਨ। ਇੱਕ-ਇੱਕ ਬੈਰਕ ਵਿੱਚ ਸਮਰੱਥਾ ਤੋਂ ਦੁੱਗਣੀ ਗਿਣਤੀ ’ਚ ਬੰਦੀ ਬੰਦ ਕੀਤੇ ਗਏ ਹਨ। ਵੱਡੀ ਗਿਣਤੀ ਜੇਲ੍ਹਾਂ ਵਿਚ ਵਿਚਾਰ ਅਧੀਨ ਕੈਦੀਆਂ ਦੀ ਹੈ, ਜੋ ਕਿ 24,529 ਬਣਦੇ ਹਨ। ਜੇਲ੍ਹਾਂ ਵਿਚ ਇਸ ਵੇਲੇ 1511 ਔਰਤਾਂ ਅਤੇ 28,957 ਪੁਰਸ਼ ਬੰਦ ਹਨ।
ਕਪੂਰਥਲਾ, ਲੁਧਿਆਣਾ, ਪਟਿਆਲਾ, ਸੰਗਰੂਰ, ਰੋਪੜ ਤੇ ਅੰਮ੍ਰਿਤਸਰ ਜੇਲ੍ਹ ਵਿਚ ਸਮਰੱਥਾ ਤੋਂ ਕਿਤੇ ਵੱਧ ਬੰਦੀ ਹਨ। ਕੁੱਝ ਸਮਾਂ ਪਹਿਲਾਂ ਹੀ ਗੋਇੰਦਵਾਲ ਜੇਲ੍ਹ ਸ਼ੁਰੂ ਹੋਈ ਹੈ, ਜਿੱਥੇ ਇਸ ਵੇਲੇ 1643 ਬੰਦੀ ਹਨ। ਕੇਂਦਰੀ ਜੇਲ੍ਹ ਲੁਧਿਆਣਾ ਵਿਚ 4354 ਬੰਦੀ ਹਨ, ਜਿਨ੍ਹਾਂ ’ਚੋਂ 3590 ਵਿਚਾਰ ਅਧੀਨ ਬੰਦੀ ਹਨ ਅਤੇ ਕਪੂਰਥਲਾ ਜੇਲ੍ਹ ਵਿਚ 3740 ਬੰਦੀ ਹਨ, ਜਿਨ੍ਹਾਂ ਚੋਂ 2994 ਵਿਚਾਰ ਅਧੀਨ ਹਨ। ਇਸੇ ਤਰ੍ਹਾਂ ਹੀ ਪਟਿਆਲਾ ਜੇਲ੍ਹ ਵਿਚ 2481 ਬੰਦੀਆਂ ’ਚੋਂ 1980 ਵਿਚਾਰ ਅਧੀਨ ਬੰਦੀ ਹਨ। ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀ ਆਖਦੇ ਹਨ ਕਿ ਪਿਛਲੇ ਸਮੇਂ ਦੌਰਾਨ ਨਸ਼ਾ ਤਸਕਰ ਵੱਡੀ ਗਿਣਤੀ ’ਚ ਫੜੇ ਗਏ ਹਨ, ਜਿਸ ਕਰ ਕੇ ਗਿਣਤੀ ਵਧੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨਸ਼ਰ ਹੋਣ ਤੋਂ ਪੰਜਾਬ ਦੀਆਂ ਜੇਲ੍ਹਾਂ ਮੁੜ ਚਰਚਾ ਵਿਚ ਹਨ ਅਤੇ 26 ਫਰਵਰੀ ਨੂੰ ਗੋਇੰਦਵਾਲ ਜੇਲ੍ਹ ਵਿੱਚ ਦੋ ਗੈਂਗਸਟਰਾਂ ਦਾ ਕਤਲ ਹੋਣ ’ਤੇ ਵੀ ਜੇਲ੍ਹ ਵਿਭਾਗ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਇਸ ਵੇਲੇ ਕਈ ਜੇਲ੍ਹਾਂ ਵਿਚ ਬੰਦੀਆਂ ਨੂੰ ਸਾਹ ਨਹੀਂ ਆ ਰਿਹਾ। ਸੂਤਰ ਦੱਸਦੇ ਹਨ ਕਿ ਜੇਲ੍ਹਾਂ ਵਿਚ ਬਹੁਤੇ ਬੰਦੇ ਤਾਂ ਛੋਟੇ ਮੋਟੇ ਜੁਰਮਾਂ ਵਾਲੇ ਹੀ ਹਨ। ਮੁੱਖ ਮੰਤਰੀ ਭਗਵੰਤ ਮਾਨ ਆਖ ਰਹੇ ਹਨ ਕਿ ਉਹ ਜੇਲ੍ਹਾਂ ਨੂੰ ਅਸਲ ਵਿਚ ਸੁਧਾਰ ਘਰ ਬਣਾਉਣਾ ਚਾਹੁੰਦੇ ਹਨ।
ਦੇਸ਼ ਵਿੱਚ ਇਸ ਵੇਲੇ 5.79 ਲੱਖ ਕੁੱਲ ਬੰਦੀ ਜੇਲ੍ਹਾਂ ਵਿਚ ਬੰਦ ਹਨ। ਮੁਲਕ ਭਰ ’ਚੋਂ ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੀਆਂ ਜੇਲ੍ਹਾਂ ਵਿਚ ਬੰਦੀ ਹਨ, ਜੋ ਕਿ 1.10 ਲੱਖ ਬਣਦੇ ਹਨ। ਦੂਸਰਾ ਨੰਬਰ ਬਿਹਾਰ ਦਾ ਹੈ, ਜਿੱਥੇ 61,848 ਬੰਦੀ ਬੰਦ ਹਨ, ਜਦੋਂਕਿ ਮੱਧ ਪ੍ਰਦੇਸ਼ ਦੀਆਂ ਜੇਲ੍ਹਾਂ ਵਿਚ 45,602 ਬੰਦੀ ਹਨ। ਚੌਥੇ ਨੰਬਰ ’ਤੇ ਮਹਾਰਾਸ਼ਟਰ ਹੈ, ਜਿੱਥੇ 43,718 ਬੰਦੀ ਹਨ। ਪੰਜਵਾਂ ਨੰਬਰ ਹੁਣ ਪੰਜਾਬ ਦਾ ਆ ਗਿਆ ਹੈ। ਨਜ਼ਰ ਮਾਰੀਏ ਤਾਂ ਪਿਛਲੇ 9 ਮਹੀਨਿਆਂ ਦੌਰਾਨ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦੀਆਂ ਦੇ ਅੰਕੜੇ ਵਿਚ 21 ਹਜ਼ਾਰ ਦੀ ਕਮੀ ਆਈ ਹੈ। ਹਰਿਆਣਾ ਵੀ ਹੁਣ ਪੰਜਾਬ ਨਾਲੋਂ ਪਿੱਛੇ ਚਲਾ ਗਿਆ ਹੈ।