15.5 C
Sacramento
Monday, September 25, 2023
spot_img

ਪੰਜਾਬ ‘ਚ ਡੇਂਗੂ ਦਾ ਖਤਰਾ ਮੰਡਰਾਇਆ; ਸਿਹਤ ਵਿਭਾਗ ਵੱਲੋਂ ਅਲਰਟ ਜਾਰੀ

ਚੰਡੀਗੜ੍ਹ, 30 ਮਈ (ਪੰਜਾਬ ਮੇਲ)- ਪੰਜਾਬ ਵਾਸੀਆਂ ਨੂੰ ਡੇਂਗੂ ਦੀ ਬੀਮਾਰੀ ਦਾ ਖ਼ਤਰਾ ਸਤਾ ਰਿਹਾ ਹੈ। ਪੰਜਾਬ ‘ਚ ਸਾਲ 2021-22 ਦੇ ਮੁਕਾਬਲੇ ਸਾਲ 2022-23 ‘ਚ ਡੇਂਗੂ ਦੇ ਮਾਮਲਿਆਂ ‘ਚ ਬੇਸ਼ੱਕ 50 ਫ਼ੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ ਪਰ ਸਿਹਤ ਵਿਭਾਗ ਫਿਰ ਵੀ ਇਸ ਬੀਮਾਰੀ ਦੇ ਫੈਲਣ ਅਤੇ ਬਚਾਅ ਲਈ ਸਰਗਰਮ ਹੈ। ਸਾਲ 2021-22 ‘ਚ ਜਿੱਥੇ ਪੰਜਾਬ ‘ਚ ਡੇਂਗੂ ਦੇ 23389 ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ ਸਾਲ 2022-23 ‘ਚ ਇਹ ਅੰਕੜਾ ਘੱਟ ਕੇ 11030 ਰਹਿ ਗਿਆ ਪਰ ਫਿਰ ਵੀ ਵਿਭਾਗ ਨੇ ਡੇਂਗੂ ਦੇ ਖ਼ਤਰੇ ‘ਤੇ ਰੋਕ ਲਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੱਥੇ ਸਬੰਧਿਤ ਵਿਭਾਗਾਂ ਨਾਲ ਪ੍ਰਬੰਧਾਂ ਦੀਆਂ ਤਿਆਰੀਆਂ ਲਈ ਬੈਠਕਾਂ ਦਾ ਦੌਰ ਜਾਰੀ ਹੈ, ਉੱਥੇ ਹੀ ਸਿਹਤ ਵਿਭਾਗ ਨੇ ਆਮ ਜਨਤਾ ਦੀ ਜਾਗਰੂਕਤਾ ਲਈ ਐਡਵਾਈਜ਼ਰੀ ਵੀ ਜਾਰੀ ਕਰਕੇ ਸਲਾਹ ਦਿੱਤੀ ਹੈ ਕਿ ਇਸ ਬੀਮਾਰੀ ਨੂੰ ਨਜ਼ਰ-ਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਸਾਵਧਾਨੀ ਨਾ ਵਰਤਣ ‘ਤੇ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਡੇਂਗੂ ਨੂੰ ਹਲਕੇ ‘ਚ ਨਾ ਲਓ। ਤੇਜ਼ ਬੁਖ਼ਾਰ ਦੇ ਨਾਲ ਸਿਰਦਰਦ, ਮਾਸਪੇਸ਼ੀਆਂ ‘ਚ ਦਰਦ, ਚਮੜੀ ‘ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ ਹੋਣ ‘ਤੇ ਤੁਰੰਤ ਡਾਕਟਰ ਦੀ ਸਲਾਹ ਲਓ।
ਡੇਂਗੂ ਤੋਂ ਬਚਾਅ ਦੇ ਤਰੀਕੇ
1. ਡੇਂਗੂ ਮੱਛਰ ਖੜ੍ਹੇ ਪਾਣੀ ‘ਚ ਪੈਦਾ ਹੁੰਦਾ ਹੈ, ਇਸ ਲਈ ਕੂਲਰ, ਗਮਲਿਆਂ ਅਤੇ ਫਰਿੱਜ ਆਦਿ ‘ਚ ਟਰੇ ‘ਚ ਜਮ੍ਹਾਂ ਪਾਣੀ ਨੂੰ ਹਫ਼ਤੇ ‘ਚ ਇਕ ਵਾਰ ਬਦਲੋ।
2. ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਾਓ।
3. ਸੌਂਦੇ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀ ਕਰੀਮ ਦਾ ਇਸਤੇਮਾਲ ਕਰੋ।
4. ਬੁਖ਼ਾਰ ਹੋਣ ‘ਤੇ ਐਸਪਰਿਨ ਜਾਂ ਬੁਫ਼ਰੀਨ ਦੀ ਥਾਂ ਸਿਰਫ ਪੈਰਾਸੀਟਾਮੋਲ ਲਓ।
5. ਪਾਣੀ ਜਾਂ ਹੋਰ ਤਰਲ ਪਦਾਰਥਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ।
6. ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਵਧੀਆ ਤਰੀਕੇ ਨਾਲ ਬੰਦ ਕਰੋ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles