ਰਮਦਾਸ, 10 ਅਕਤੂਬਰ (ਪੰਜਾਬ ਮੇਲ)- ਪੰਜਾਬ ਦੀਆਂ ਕਈ ਥਾਵਾਂ ’ਤੇ ਬੀਤੀ ਰਾਤ ਝੱਖੜ ਤੇ ਮੀਂਹ ਨੇ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਹਨੇਰੀ ਤੇ ਮੀਂਹ ਇੰਨੇ ਤੇਜ਼ ਸਨ ਕਿ ਖੇਤਾਂ ਵਿਚ ਖੜੀ ਬਾਸਮਤੀ ਦੀ ਫਸਲ ਵਿੱਛ ਗਈ ਹੈ। ਪਿੰਡ ਭਿੱਟੇਵੱਡ ਦੇ ਕਿਸਾਨ ਤੇ ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਰਣਜੀਤ ਸਿੰਘ ਰਾਣਾ ਸੰਧੂ ਨੇ ਦੱਸਿਆ ਕਿ ਮੀਂਹ ਤੇ ਹਨੇਰੀ ਇੰਨੀਂ ਤੇਜ਼ ਸੀ ਕਿ ਕਈ ਰੁੱਖ ਪੁੱਟੇ ਗਏ। ਬਾਸਮਤੀ 1121 ਅਤੇ ਹੋਰ ਕਿਸਮਾਂ ਦਾ ਨੁਕਸਾਨ ਹੋਇਆ ਹੈ। ਇਸ ਵਾਰ ਝੋਨੇ ਦੀ ਫਸਲ ਚੰਗੀ ਹੋਣ ਕਰਕੇ ਬੂਟੇ ਭਾਰੀ ਸਨ, ਜੋ ਹਵਾ ਕਾਰਨ ਜ਼ਮੀਨ ’ਤੇ ਹੀ ਡਿੱਗ ਗਏ।