#PUNJAB

ਪੰਜਾਬ ‘ਚ ਆ ਕੇ ਜੁਲਮ ਢਾਹਿਆ, ਵਾਹਨਾਂ ਦੀ ਭੰਨ-ਤੋੜ, ਕਿਸਾਨਾਂ ਨੂੰ ਕੁੱਟ-ਕੁੱਟ ਖੇਤਾਂ ‘ਚ ਸੁੱਟਿਆ: ਪੰਧੇਰ ਦੀ ਅਪੀਲ…ਘਰਾਂ ਤੇ ਵਾਹਨਾਂ ‘ਤੇ ਕਾਲੇ ਝੰਡੇ ਲਾਓ

ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਪੰਜਾਬ ਦੀ ਹੱਦ ਅੰਦਰ ਆ ਕੇ ਜੁਲਮ ਢਾਹਿਆ ਗਿਆ। ਵਾਹਨਾਂ ਦੀ ਭੰਨ-ਤੋੜ ਕੀਤੀ ਗਈ। ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਦਵਾਈ ਮਿਲਾ ਦਿੱਤੀ ਗਈ। ਮੈਡੀਕਲ ਸਾਮਾਨ ਵੀ ਲੁੱਟਿਆ ਗਿਆ। ਕਿਸਾਨਾਂ ਨੂੰ ਕੁੱਟ-ਕੁੱਟ ਕੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ। ਇਹ ਦਾਅਵਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਘਰਾਂ ਤੇ ਵਾਹਨਾਂ ‘ਤੇ ਕਾਲੇ ਝੰਡੇ ਲਾਉਣ ਦੀ ਅਪੀਲ ਕੀਤੀ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਬੀਤੀ ਸ਼ਾਮ ਦੋਵਾਂ ਮੰਚਾਂ (ਐਸਕੇਐਮ ਗੈਰ-ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ) ਦੀ ਮੀਟਿੰਗ ਹੋਈ। ਇਹ ਸੁਣ ਕੇ ਹੈਰਾਨੀ ਹੋਈ ਕਿ ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਨੇ ਪੰਜਾਬ ਦੀ ਹੱਦ ਅੰਦਰ ਆ ਕੇ ਬਰਬਰਤਾ ਕੀਤੀ। ਵਾਹਨਾਂ ਦੀ ਭੰਨ-ਤੋੜ ਕੀਤੀ ਗਈ। ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਦਵਾਈਆਂ ਮਿਲਾਈਆਂ ਗਈਆਂ ਤੇ ਮੈਡੀਕਲ ਸਾਮਾਨ ਵੀ ਲੁੱਟਿਆ ਗਿਆ।
ਉਨ੍ਹਾਂ ਨੇ ਕਿਹਾ ਕਿ ਖਨੌਰੀ ਸਰਹੱਦ ਤੋਂ ਲਾਪਤਾ ਨੌਜਵਾਨ ਰੋਹਤਕ ਪੀਜੀਆਈ ਤੋਂ ਮਿਲਿਆ। ਇੰਨਾ ਹੀ ਨਹੀਂ ਕਿਸਾਨਾਂ ਨੂੰ ਕੁੱਟ-ਕੁੱਟ ਕੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਅੱਜ ਸਮੂਹ ਪੰਜਾਬ ਵਾਸੀਆਂ ਨੂੰ ਘਰਾਂ ਤੇ ਵਾਹਨਾਂ ‘ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਦਰਅਸਲ ਖਨੌਰੀ ਬਾਰਡਰ ’ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਨੂੰ ਗੋਲੀ ਲੱਗਣ ਸਮੇਤ ਸ਼ੰਭੂ ਤੇ ਖਨੌਰੀ ਵਿੱਚ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਖੇਤਰ ’ਚ ਦਾਖਲ ਹੋ ਕੇ ਕਿਸਾਨਾਂ ਦੀ ਕੁੱਟਮਾਰ ਤੇ ਟਰੈਕਟਰਾਂ ਦੀ ਭੰਨਤੋੜ ਕਰਨ ਦੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ ਕਿਸਾਨ ਨੇਤਾਵਾਂ ਨੇ ਇਸ ਨੂੰ ਗੈਰਸੰਵਿਧਾਨਕ, ਗੈਰ ਜਮਹੂਰੀ ਤੇ ਅਪਰਾਧਿਕ ਘਟਨਾ ਗਰਦਾਨਿਆ ਹੈ।
ਦਿੱਲੀ ਕੂਚ ਤਹਿਤ ਸ਼ੰਭੂ ਤੇ ਖਨੌਰੀ ਵਿਚ ਕਿਸਾਨ ਧਰਨਿਆਂ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਤੇ ਸੁਰਜੀਤ ਸਿੰਘ ਫੂਲ ਨੇ ਇਸ ਘਟਨਾ ਦੇ ਰੋਸ ਵਜੋਂ ਸਮੁੱਚੀ ਲੋਕਾਈ, ਖਾਸ ਕਰਕੇ ਪੰਜਾਬੀਆਂ ਨੂੰ ਅੱਜ ਤੋਂ ਹੀ ਆਪਣੇ ਘਰਾਂ, ਦੁਕਾਨਾਂ, ਕਾਰੋਬਾਰੀ ਸਥਾਨਾਂ ਸਮੇਤ ਵਾਹਨਾਂ ’ਤੇ ਕਾਲੇ ਝੰਡੇ ਲਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਦੀ ਇਸ ਕਾਰਵਾਈ ਕਰਕੇ 21 ਫਰਵਰੀ ਦਾ ਦਿਨ ਇਤਿਹਾਸ ’ਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ।
ਉਨ੍ਹਾਂ ਦਾ ਕਹਿਣਾ ਸੀ ਕਿ ਦੁੱਖ ਦੀ ਗੱਲ ਹੈ ਕਿ ਭਾਰੀ ਤਸ਼ੱਦਦ ਸਹਿਣ ਦੇ ਬਾਵਜੂਦ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲ ਇੱਕ ਰੋੜਾ ਤੱਕ ਵੀ ਨਹੀਂ ਸੁੱਟਿਆ ਪਰ ਇਸ ਦੇ ਉਲਟ ਉਨ੍ਹਾਂ ਨੇ ਸਾਡੇ ਇੱਕ ਨੌਜਵਾਨ ਕਿਸਾਨ ਦੀ ਜਾਨ ਹੀ ਲੈ ਲਈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪਹਿਲੇ ਦਿਨ ਤੋਂ ਹੀ ਉਹ ਅਮਨ ਤੇ ਸ਼ਾਂਤੀ ਨਾਲ ਆਪਣਾ ਅੰਦੋਲਨ ਚਲਾ ਰਹੇ ਹਨ। ਇੱਕ ਪਾਸੇ ਸਰਕਾਰ ਨੇ ਉਨ੍ਹਾਂ ਨਾਲ ਗੱਲਬਾਤ ਦਾ ਦੌਰ ਜਾਰੀ ਰੱਖਿਆ ਹੈ ਤੇ ਦੂਜੇ ਪਾਸੇ ਉਨ੍ਹਾਂ ਦੇ ਰਾਹ ਰੋਕੀ ਬੈਠੀ ਹਰਿਆਣਾ ਪੁਲਿਸ ਪਹਿਲੇ ਹੀ ਦਿਨ ਤੋਂ ਲਗਾਤਾਰ ਅੱਥਰੂ ਗੈਸ ਦੇ ਗੋਲੇ ਵਰਸਾਉਂਦੀ ਆ ਰਹੀ ਹੈ।