#PUNJAB

ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਵੱਲੋਂ ਇਸਤਰੀ ਵਿੰਗ ਦਾ ਗਠਨ

ਜੰਡਿਆਲਾ ਗੁਰੂ, 23 ਅਗਸਤ (ਪੰਜਾਬ ਮੇਲ)- ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ, ਜੰਡਿਆਲਾ ਗੁਰੂ ਦੇ ਅਹੁਦੇਦਾਰਾਂ ਅਤੇ ਨੁਮਾਇੰਦਿਆ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦਾ ਵਿਸਥਾਰ ਕਰਦਿਆਂ ਇਸਤਰੀ ਵਿੰਗ ਦਾ ਗਠਨ ਕੀਤਾ ਗਿਆ, ਜਿਸ ਤਹਿਤ ਸਾਹਿਤਕਾਰ ਰਛਪਿੰਦਰ ਕੌਰ ਗਿੱਲ ਨੂੰ ਇਸਤਰੀ ਵਿੰਗ ਦਾ ਮੁੱਖ ਸੰਚਾਲਕ, ਗ਼ਜ਼ਲਗੋ ਪ੍ਰਭਜੋਤ ਕੌਰ ਨੂੰ ਮੀਤ ਸੰਚਾਲਕ ਤੇ ਕਵਿੱਤਰੀ ਸਿਮਬਰਨ ਸਾਬਰੀ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਗਿਆਨੀ ਸੰਤੋਖ ਸਿੰਘ ਅਸਟ੍ਰੇਲੀਆ ਦੀ ਕਿਤਾਬ ‘‘ਸ਼੍ਰੋਮਣੀ ਆਕਾਲੀ ਦਲ ਤੇ ਕੁਝ ਹੋਰ ਲੋਕ’’ ’ਤੇ ਵਿਚਾਰ-ਚਰਚਾ ਵੀ ਕੀਤੀ ਗਈ।
ਸਭਾ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਅਤੇ ਮੀਤ ਪ੍ਰਧਾਨ ਸਤਿੰਦਰ ਓਠੀ ਜੀ ਨੇ ਦੱਸਿਆ ਕਿ ਸਭਾ ਵੱਲੋਂ ਅਗਲੇ ਮਹੀਨੇ ਓਠੀ ਜੀ ਦੀ ਕਿਤਾਬ ‘‘ਦੀਵੇ ਸੁੱਚੀ ਸੋਚ ਦੇ’’ ’ਤੇ ਵਿਚਾਰ-ਚਰਚਾ ਸਮਾਗਮ ਉਲੀਕਿਆ ਜਾਵੇਗਾ ਤੇ ਇਸੇ ਤਰ੍ਹਾਂ ਨਵੇਂ ਚੁਣੇ ਮੁੱਖ ਸੰਚਾਲਕ ਇਸਤਰੀ ਵਿੰਗ ਮੈਡਮ ਰਛਪਿੰਦਰ ਕੌਰ ਗਿੱਲ ਨੇ ਦੱਸਿਆ ਕਿ ਸਭਾ ਜਲਦੀ ਹੀ ਇੱਕ ਵਿਸ਼ੇਸ਼ ਇਸਤਰੀ ਕਵੀ ਦਰਬਾਰ ਕਰਵਾਏਗੀ, ਜਿਸ ਬਾਬਤ ਵੱਖ-ਵੱਖ ਸਭਾਵਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ।

Leave a comment